ਅਮਰਨਾਥ ਸ਼ਰਧਾਲੂਆਂ ਦੀ ਸੁਰੱਖਿਆ ਲਈ ITBP ਦੇ ਜਵਾਨ ਬਣੇ ਢਾਲ

ਸ਼੍ਰੀਨਗਰ— ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਡੀ. ਪੀ.) ਦੇ ਜਵਾਨਾਂ ਅਮਰਨਾਥ ਯਾਤਰੀਆਂ ਦੀ ਢਾਲ ਬਣ ਕੇ ਖੜ੍ਹੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਜਵਾਨ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਬਾਲਟਾਲ ਮਾਰਗ ‘ਤੇ ਕਾਲੀ ਮਾਤਾ ਟਰੈੱਕ ‘ਤੇ ਸੁਰੱਖਿਆ ਲਈ ‘ਮਨੁੱਖੀ ਕੰਧ’ ਬਣਾ ਕੇ ਸ਼ਰਧਾਲੂਆਂ ਨੂੰ ਟਰੈੱਕ ਪਾਰ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਪਹਾੜਾਂ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ ਸਨ, ਜਿਸ ਤੋਂ ਵੀ ਜਵਾਨਾਂ ਨੇ ਸ਼ਰਧਾਲੂਆਂ ਦੀ ਸੁਰੱਖਿਆ ਕੀਤੀ। ਇੱਥੇ ਦੱਸ ਦੇਈਏ ਕਿ ਇਸ ਸਾਲ ਅਮਰਨਾਥ ਦੀ ਸਾਲਾਨਾ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਨੂੰ ਖਤਮ ਹੋਵੇਗੀ। ਘਾਟੀ ਵਿਚ ਸੁਰੱਖਿਆ ਫੋਰਸਾਂ ਵਲੋਂ ਲਗਾਤਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਅਮਰਨਾਥ ਯਾਤਰਾ ਲਈ ਸਖਤ ਇੰਤਜ਼ਾਮ ਕੀਤੇ ਗਏ ਹਨ।

1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੇ ਹੁਣ ਤਕ 95,000 ਤੋਂ ਵਧੇਰੇ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਕਰੀਬ ਡੇਢ ਲੱਖ ਸ਼ਰਧਾਲੂਆਂ ਨੇ 46 ਦਿਨ ਚਲਣ ਵਾਲੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਯਾਤਰਾ ਅਨੰਤਨਾਗ ਜ਼ਿਲੇ ਦੇ 36 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਅਤੇ ਗੰਦੇਰਬਲ ਜ਼ਿਲੇ ਦੇ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਯਾਤਰਾ ਮਾਰਗ ਤੋਂ ਲੈ ਕੇ ਆਧਾਰ ਕੈਂਪਾਂ, ਆਰਾਮ ਘਰਾਂ ‘ਤੇ ਉੱਚਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਮਦਦ ਲਈ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਅਮਰਨਾਥ ਯਾਤਰਾ ਮਾਰਗ ‘ਤੇ 5,000 ਜਵਾਨਾਂ ਨੂੰ ਤਾਇਨਾਤ ਕੀਤਾ ਹੈ।

Leave a Reply

Your email address will not be published. Required fields are marked *