ਪਾਵਰਕਾਮ ਵੱਲੋਂ ਪੰਜਾਬ ਵਾਸੀਆਂ ਨੂੰ ਬਿਨਾਂ ਕੱਟ ਬਿਜਲੀ ਦੇਣ ਦਾ ਦਾਅਵਾ

ਪਟਿਆਲਾ (ਜੋਸਨ)—ਲਗਾਤਾਰ ਗਰਮੀ ਦੇ ਕਹਿਰ ਅਤੇ ਮਾਨਸੂਨ ਵਿਚ ਦੇਰੀ ਕਾਰਣ ਪੰਜਾਬ ‘ਚ ਬਿਜਲੀ ਦੀ ਮੰਗ ਅਤੇ ਖਪਤ ਇਕਦਮ ਵਧ ਗਈ ਹੈ। ਇਸ ਸਾਲ ਵੱਧ ਤੋਂ ਵੱਧ ਮੰਗ 13000 ਮੈਗਾਵਾਟ ਹੈ। ਪਿਛਲੇ ਸਾਲ ਜੂਨ ਵਿਚ ਇਹ ਮੰਗ 11000 ਮੈਗਾਵਾਟ ਸੀ, ਜਿਹੜੀ ਕਿ 20 ਤੋਂ 45 ਫੀਸਦੀ ਵੱਧ ਹੈ।ਇਸੇ ਤਰ੍ਹਾਂ ਪ੍ਰਤੀ ਦਿਨ ਬਿਜਲੀ ਦੀ ਖਪਤ 30 ਤੋਂ 50 ਫੀਸਦੀ ਵੱਧ ਹੈ। 28 ਜੂਨ ਨੂੰ 2850 ਲੱਖ ਯੂਨਿਟ ਸੀ । ਪਿਛਲੇ ਸਾਲ 2200 ਲੱਖ ਯੂਨਿਟ ਸੀ। 1 ਜੁਲਾਈ ਨੂੰ ਪੀ. ਐੱਸ. ਪੀ. ਸੀ. ਐੱਲ. ਵੱਲੋਂ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਅਤੇ ਬਿਨਾਂ ਕੋਈ ਕੱਟ ਲਾਇਆਂ 13633 ਮੈਗਾਵਾਟ ਇਤਿਹਾਸਕ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ। ਖੇਤੀਬਾੜੀ ਪੰਪ ਸੈੱਟਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਕੀਤੀ।

1 ਜੁਲਾਈ 2019 ਨੂੰ 995 ਮੈਗਾਵਾਟ ਵੱਧ ਮੰਗ ਸੀ, ਜਿਹੜੀ ਕਿ ਪਿਛਲੇ ਸਾਲ 10 ਜੁਲਾਈ 2018 ਨੂੰ 12638 ਮੈਗਾਵਾਟ ਸੀ। ਇਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ 8 ਫੀਸਦੀ ਵੱਧ ਹੈ। ਪੀ. ਐੱਸ. ਪੀ. ਸੀ. ਐੱਲ. ਵੱਲੋਂ 1 ਜੁਲਾਈ ਨੂੰ 2902 ਲੱਖ ਯੂਨਿਟ ਅਤੇ 2 ਜੁਲਾਈ ਨੂੰ 2866 ਲੱਖ ਯੂਨਿਟ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਮੌਜੂਦਾ ਝੋਨੇ ਅਤੇ ਮੌਸਮ ਵਿਚ ਦਿੱਤੀ ਗਈ। 1 ਜੁਲਾਈ ਨੂੰ 2902 ਲੱਖ ਯੂਨਿਟ ਜਿਹੜੀ ਕਿ 153 ਲੱਖ ਯੂਨਿਟ ਵੱਧ ਬਿਜਲੀ ਹੈ। ਪਿਛਲੇ ਸਾਲ 4 ਅਗਸਤ 2018 ਨੂੰ 2749 ਲੱਖ ਯੂਨਿਟ ਮੰਗ ਸੀ।
ਬਿਜਲੀ ਦੀ ਮੰਗ ਅਤੇ ਲੋੜ ਕਿਸੇ ਵੀ ਛੋਟੇ ਬਿਜਲੀ ਖਰੀਦ ਤੋਂ ਬਿਨਾਂ ਪੂਰਤੀ ਕੀਤੀ ਗਈ। ਚੰਗੇ ਬੈਂਕਿੰਗ ਪ੍ਰਬੰਧਾਂ ਕਾਰਣ ਇਹ ਸੰਭਵ ਹੋਇਆ ਹੈ ਕਿ ਪੀ. ਐੱਸ. ਪੀ. ਸੀ. ਐੱਲ. ਨੇ ਦੂਜੇ ਸੂਬਿਆਂ ਨਾਲ ਬੈਂਕਿੰਗ ਸਮਝੌਤੇ ਕੀਤੇ ਹਨ ਜਿਵੇਂ ਕਿ ਪਿਛਲੇ ਵਿੱਤੀ ਸਾਲ ਦੇ ਸਰਦੀ ਰੁੱਤ ਦੌਰਾਨ 5468 ਮਿਲੀਅਨ ਯੂਨਿਟ ਦੀ ਰਿਕਾਰਡ ਬਿਜਲੀ ਬਰਾਮਦ ਕੀਤੀ ਗਈ ਸੀ। ਬਦਲੇ ਵਿਚ ਹੁਣ ਰੋਜ਼ਾਨਾ 540 ਲੱਖ ਯੂਨਿਟ ਬਿਜਲੀ ਮਿਲਦੀ ਹੈ ਜਿਵੇਂ ਕਿ ਮੰਗ ਨੂੰ ਪੂਰਾ ਕਰਨ ਲਈ 2200/2400 ਮੈਗਾਵਾਟ ਦੀ ਬਿਜਲੀ ਬੈਂਕਿੰਗ ਰਾਹੀਂ ਬਰਾਮਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਸਮੇਂ ਦੀ ਬਿਜਲੀ ਦੀ ਖਰੀਦ ਤੋਂ ਬਿਨਾਂ ਬਿਜਲੀ ਦੀ ਮੰਗ ਦੇ ਰਿਕਾਰਡ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਝੱਖੜ ਨੇ ਕੀਤਾ ਵੱਡਾ ਨੁਕਸਾਨ
ਪਿਛਲੇ ਦਿਨਾਂ ਵਿਚ ਵੱਡੇ ਤੂਫਾਨਾਂ ਨਾਲ ਸੂਬੇ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਟਾਵਰ, ਪੋਲਜ਼ ਅਤੇ ਟਰਾਂਸਫਾਰਮਰ ਸ਼ਾਮਲ ਹਨ। ਪੀ. ਐੱਸ. ਪੀ. ਸੀ. ਐੱਲ. ਨੇ ਖਰਾਬ ਹੋਏ ਬਿਜਲੀ ਬੁਨਿਆਦੀ ਢਾਂਚੇ ਨੂੰ ਮੁੜ ਸਥਾਪਤ ਕਰਨ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਹਨ। ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕੀਤੀ ਹੈ। ਪਿਛਲੀ ਰਾਤ ਬੁਢਲਾਡਾ, ਮਾਨਸਾ ਅਤੇ ਬਠਿੰਡਾ ਦੇ ਇਲਾਕਿਆਂ ਵਿਚ ਤੂਫਾਨ ਅਤੇ ਝੱਖੜ ਨਾਲ 500 ਪੋਲ ਅਤੇ 80 ਟਰਾਂਸਫਾਰਮਰਾਂ ਦਾ ਨੁਕਸਾਨ ਹੋਇਆ ਹੈ। ਪੀ. ਐੱਸ. ਪੀ. ਸੀ. ਐੱਲ. ਨੇ ਪਿੰਡਾਂ ਦੇ ਘਰੇਲੂ ਖਪਤਕਾਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ। ਜ਼ਿਆਦਾਤਰ ਟਿਊਬਵੈੱਲ ਦੇ ਖਪਤਕਾਰਾਂ ਦੀ ਵੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ। ਬਾਕੀ ਰਹਿੰਦੇ ਖਪਤਕਾਰਾਂ ਦੀ ਸਪਲਾਈ ਕੱਲ ਤੱਕ ਬਹਾਲ ਕਰ ਦਿੱਤੀ ਜਾਵੇਗੀ।

14000 ਮੈਗਾਵਾਟ ਤੱਕ ਬਿਜਲੀ ਦੀ ਮੰਗ ਹੋਵੇਗੀ ਪੂਰੀ
ਬਿਜਲੀ ਦੀ ਅਨੋਖੀ ਮੰਗ ਮਾਨਸੂਨ ਵਿਚ ਦੇਰੀ ਕਾਰਣ ਹੋਈ ਹੈ। ਪੀ. ਐੱਸ. ਪੀ. ਸੀ. ਐੱਲ. ਨੇ 14000 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੇ ਪ੍ਰਬੰਧ ਕੀਤੇ ਹਨ। ਕਾਰਪੋਰੇਸ਼ਨ ਖੇਤੀਬਾੜੀ ਖਪਤਕਾਰਾਂ ਅਤੇ ਦੂਜੇ ਖਪਤਕਾਰਾਂ ਨੂੰ ਲਗਾਤਾਰ ਬਿਜਲੀ ਸਪਲਾਈ ਜਾਰੀ ਰੱਖੇਗਾ। ਪੀ. ਐੱਸ. ਪੀ. ਸੀ. ਐੱਲ. ਆਪਣੇ ਸਾਰੇ ਖਪਤਕਾਰਾਂ ਨੂੰ ਬੇਨਤੀ ਕਰਦਾ ਹੈ ਕਿ ਪਾਣੀ ਦੇ ਸਰੋਤਾਂ ਦੀ ਸੰਭਾਲ ਕੀਤੀ ਜਾਵੇ।

Leave a Reply

Your email address will not be published. Required fields are marked *