ਆਸਟ੍ਰੇਲੀਆ : ਗ੍ਰੇਟ ਬੈਰੀਅਰ ਰੀਫ ”ਚ ਖੁੱਲ੍ਹੇਗਾ ਅੰਡਰਵਾਟਰ ਹੋਟਲ

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੇ ਮਸ਼ਹੂਰ ਗ੍ਰੇਟ ਬੈਰੀਅਰ ਰੀਫ ਵਿਚ ਅੰਡਰਵਾਟਰ ਹੋਟਲ ਬਣਾਇਆ ਜਾ ਰਿਹਾ ਹੈ। ਇਸ ਹੋਟਲ ਜ਼ਰੀਏ ਸੈਲਾਨੀ ਮੂੰਗੇ ਦੀਆਂ ਚਟਾਨਾਂ ਦਾ 360 ਡਿਗਰੀ ਵਿਊ ਦੇਖ ਸਕਣਗੇ। ਮੂੰਗੇ ਦੀਆਂ ਚਟਾਨਾਂ ਦੇਖਣ ਲਈ ਆਮ ਤੌਰ ‘ਤੇ ਲੋਕਾਂ ਨੂੰ ਸਕੂਬਾ ਡਾਈਵਿੰਗ ਕਰਨੀ ਪੈਂਦੀ ਹੈ ਪਰ ਹੁਣ ਇਹ ਚਟਾਨਾਂ ਹੋਟਲ ਤੋਂ ਦੇਖੀਆਂ ਜਾ ਸਕਣਗੀਆਂ। ਗ੍ਰੇਟ ਬੈਰੀਅਰ ਰੀਫ ਯੂਨੇਸੋਕ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਵੀ ਸ਼ਾਮਲ ਹੈ।

ਹੋਟਲ ਵਿਚ ਲੋਕਾਂ ਨੂੰ ਰਾਤ ਵੇਲੇ ਆਪਣੇ ਬੈੱਡਰੂਮ ਤੋਂ ਮੱਛੀਆਂ ਨੂੰ ਦੇਖਣ ਦਾ ਅਨੁਭਵ ਮਿਲੇਗਾ। ਇਸ ਨੂੰ ਮਰੀਨ ਪਾਰਕ ਦੇ ਦੱਖਣ ਵਿਚ ਲੇਡੀ ਮੁਸਾਗ੍ਰੇਵ ਆਈਲੈਂਡ ਤੋਂ ਠੀਕ ਬਾਹਰ ਬਣਾਇਆ ਗਿਆ ਹੈ। 36 ਮੀਟਰ ਦੇ ਤੈਰਦੇ ਇਸ ਹੋਟਲ ਦੇ 3 ਪੱਧਰ ਹੋਣਗੇ। ਪਹਿਲਾ ਸਿਰਫ ਪਾਣੀ ਤੋਂ 3 ਮੀਟਰ ਹੇਠਾਂ ਹੋਵੇਗਾ। ਇਸ ਨੂੰ 24 ਲੋਕਾਂ ਦੇ ਰਹਿਣ ਲਾਇਕ ਬਣਾਇਆ ਜਾਵੇਗਾ।

ਹਰੇਕ ਕਮਰੇ ਤੋਂ ਮੂੰਗੇ ਦੀਆਂ ਚਟਾਨਾਂ ਦੇ 360 ਡਿਗਰੀ ਵਿਊ ਦੇਖੇ ਜਾ ਸਕਣਗੇ। ਜਦਕਿ ਇਸ ਦੇ ਉੱਪਰੀ ਹਿੱਸਿਆਂ ਤੋਂ ਪਾਣੀ ਵਿਚ ਗੋਤਾ ਲਗਾਇਆ ਜਾ ਸਕੇਗਾ। ਸੈਲਾਲੀ ਕਿਸ਼ਤੀ ‘ਤੇ ਵੀ ਯਾਤਰਾ ਕਰਨ ਸਕਣਗੇ। ਕੁਈਨਜ਼ਲੈਂਡ ਦੇ ਸੈਲਾਨੀ ਰਾਜ ਮੰਤਰੀ ਕੇਟ ਜੋਨਸ ਨੇ ਕਿਹਾ ਕਿ ਅਲਟ੍ਰਾਵਾਇਲਟ (ਯੂ.ਵੀ.) ਲਾਈਟ ਦੇ ਨਾਲ ਪਾਣੀ ਦੇ ਅੰਦਰ ਆਬਜ਼ਰਵੇਟਰੀ ਬਣਾਈ ਜਾਵੇਗੀ ਤਾਂ ਜੋ ਸੈਲਾਨੀ ਰਾਤ ਸਮੇਂ ਵੀ ਰੀਫ ਦਾ ਆਨੰਦ ਲੈ ਸਕਣ।

ਕੁਈਨਜ਼ਲੈਂਡ ਸਰਕਾਰ ਨੇ ਹੋਟਲ ਨੂੰ ਬਣਾਉਣ ਲਈ ਕਰੀਬ 5 ਕਰੋੜ ਰੁਪਏ ਦਿੱਤੇ ਹਨ। ਹੋਟਲ ਵਿਚ ਸੋਲਰ ਪੈਨਲ ਨਾਲ ਊਰਜਾ ਪੈਦਾ ਕੀਤੀ ਜਾਵੇਗੀ। ਹੋਟਲ ਦੀਆਂ ਸਾਰੀਆਂ ਵਸਤਾਂ ਰੀਸਾਈਕਲ ਕੀਤੀਆਂ ਜਾ ਸਕਣਗੀਆਂ। ਇਸ ਦਾ ਨਿਰਮਾਣ ਅਪ੍ਰੈਲ 2020 ਤੱਕ ਪੂਰਾ ਹੋਵੇਗਾ। ਗ੍ਰੇਟ ਬੈਰੀਅਰ ਰੀਫ ਸੁਰੱਖਿਆ ਲਈ ਵੱਡੇ ਪੱਧਰ ‘ਤੇ ਟੂਰਿਜ਼ਮ ਮਾਲੀਆ ‘ਤੇ ਨਿਰਭਰ ਕਰਦਾ ਹੈ। ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਨਵੇਂ ਹੋਟਲ ਦੇ ਬਣਨ ਨਾਲ ਹਰੇਕ ਸਾਲ ਕਰੀਬ 9 ਕਰੋੜ ਰੁਪਏ ਦੀ ਆਮਦਨ ਹੋਵੇਗੀ। ਹੋਟਲ ਵਿਚ 2 ਦਿਨ ਅਤੇ ਇਕ ਰਾਤ ਰਹਿਣ ਦਾ ਖਰਚਾ ਕਰੀਬ 27 ਹਜ਼ਾਰ ਰੁਪਏ ਹੋਵੇਗਾ।

Leave a Reply

Your email address will not be published. Required fields are marked *