…ਤੇ ਇਸ ਤਰ੍ਹਾਂ ਲੀਚੀ ਖਾਣ ਨਾਲ ਹੁੰਦੈ ‘ਦਿਮਾਗੀ ਬੁਖਾਰ’

ਲੁਧਿਆਣਾ (ਨਰਿੰਦਰ) : ਬਿਹਾਰ ‘ਚ ਇਸ ਸਮੇਂ ‘ਦਿਮਾਗੀ ਬੁਖਾਰ’ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਇਸ ਨਾਲ 150 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁਖਾਰ ਲੀਚੀ ਖਾਣ ਨਾਲ ਹੁੰਦਾ ਹੈ ਅਤੇ ਇਹ ਇੰਨਾ ਖਤਰਨਾਕ ਹੈ ਕਿ ਬੱਚੇ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਬਾਰੇ ਲੁਧਿਆਣਾ ਤੋਂ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਐੱਮ. ਐੱਮ. ਓ. ਡਾ. ਕਰਮਵੀਰ ਗੋਇਲ ਨਾਲ ਖਾਸ ਗੱਲਬਾਤ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਲੀਚੀ ‘ਚ ਇਕ ਖਾਸ ਟੌਕਸਿਕ ਹੁੰਦਾ ਹੈ, ਜੋ ਸਰੀਰ ਦਾ ਸ਼ੂਗਰ ਦਾ ਪੱਧਰ ਘਟਾ ਦਿੰਦਾ ਹੈ, ਜਿਸ ਕਾਰਨ ਬੱਚਾ ਬੇਹੋਸ਼ ਹੋ ਜਾਂਦਾ ਹੈ ਅਤੇ ਜੇਕਰ ਸਮੇਂ ਸਿਰ ਉਸ ਨੂੰ ਡਾਕਟਰ ਕੋਲ ਨਾ ਲਿਜਾਇਆ ਜਾਵੇ ਤਾਂ ਉਸ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਬੱਚਿਆਂ ‘ਚ ਹੀ ਹੁੰਦਾ ਹੈ, ਜਿਨ੍ਹਾਂ ‘ਚ ਪਹਿਲਾਂ ਤੋਂ ਹੀ ਖੁਰਾਕ ਦੀ ਕਮੀ ਹੈ ਅਤੇ ਸਿਰਫ ਉਹ ਇਕੱਲੀ ਲੀਚੀ ਹੀ ਖਾਂਦੇ ਹਨ। ਡਾ. ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਲੀਚੀ ਦੇ ਨਾਲ-ਨਾਲ ਹੋਰ ਵੀ ਖੁਰਾਕ ਦੇਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਵੀ ਨਹੀਂ ਕਿ ਲੀਚੀ ਖਾਣੀ ਬੰਦ ਕਰ ਦਿੱਤੀ ਜਾਵੇ ਪਰ ਲੀਚੀ ਨਾਲ ਹੋਰ ਖੁਰਾਕ ਵੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਸਬੰਧੀ ਲੋਕਾਂ ‘ਚ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਡਾ. ਗੋਇਲ ਨੇ ਦੱਸਿਆ ਕਿ ਸੂਬੇ ‘ਚ ਸਰਕਾਰੀ ਤੌਰ ‘ਤੇ ਉਨ੍ਹਾਂ ਕੋਲ ਫਿਲਹਾਲ ਕੋਈ ਅਲਰਟ ਨਹੀਂ ਆਇਆ ਹੈ ਪਰ ਡਾਕਟਰਾਂ ਦੀ ਟੀਮ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

Leave a Reply

Your email address will not be published. Required fields are marked *