ATM ‘ਚੋਂ ਪੈਸੇ ਕਢਵਾਉਣਾ ਹੋ ਸਕਦੈ ਮੁਫਤ, RBI ਨੇ ਬਣਾਈ ਇਹ ਕਮੇਟੀ

ਨਵੀਂ ਦਿੱਲੀ— ਬੈਂਕ ਖਾਤਾ ਖੁੱਲ੍ਹਵਾਉਣਾ, ਫਿਰ ਮਨਚਾਹੀ ਜਗ੍ਹਾ ਤੋਂ ਏ. ਟੀ. ਐੱਮ. ‘ਚੋਂ ਪੈਸੇ ਕਢਵਾਉਣਾ ਇਨ੍ਹਾਂ ਸਭ ਨਾਲ ਆਮ ਲੋਕਾਂ ਦੀ ਜ਼ਿੰਦਗੀ ਅਸਾਨ ਹੋ ਗਈ ਹੈ ਪਰ ਇਨ੍ਹਾਂ ਸੇਵਾਵਾਂ ‘ਤੇ ਚਾਰਜ ਵੀ ਲੱਗਦਾ ਹੈ। ਹੁਣ ਆਰ. ਬੀ. ਆਈ. ਨੇ ਏ. ਟੀ. ਐੱਮ. ‘ਤੇ ਲੱਗਣ ਵਾਲੇ ਚਾਰਜ ‘ਤੇ ਵਿਚਾਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਇਸ ਗੱਲ ਦੀ ਸੰਭਾਵਨਾ ਦੇਖੇਗੀ ਕਿ ਏ. ਟੀ. ਐੱਮ. ‘ਤੇ ਲੱਗਣ ਵਾਲੇ ਚਾਰਜ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਹ ਕਮੇਟੀ ਦੋ ਮਹੀਨੇ ‘ਚ ਰਿਜ਼ਰਵ ਬੈਂਕ ਨੂੰ ਰਿਪੋਰਟ ਸੌਂਪੇਗੀ।

ਇਸ ਕਮੇਟੀ ਦੇ ਮੁਖੀ ਭਾਰਤੀ ਬੈਂਕ ਸੰਗਠਨ ਦੇ ਕਾਰਜਕਾਰੀ ਵੀ. ਜੀ. ਕੰਨਨ ਬਣਾਏ ਗਏ ਹਨ। ਉਨ੍ਹਾਂ ਦੀ ਅਗਵਾਈ ‘ਚ ਭਾਰਤੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਦੇ ਸੀ. ਈ. ਓ. ਦਿਲੀਪ ਅਸਬੇ, ਐੱਸ. ਬੀ. ਆਈ. ਦੇ ਚੀਫ ਜਨਰਲ ਮੈਨੇਜਰ ਗਿਰੀ ਕੁਮਾਰ ਨਾਇਰ, ਐੱਚ. ਡੀ. ਐੱਫ. ਸੀ. ਬੈਂਕ ਗਰੁੱਪ ਹੈੱਡ ਐੱਸ. ਸੰਪਤ ਕੁਮਾਰ, ਏਟੀਐਮ ਉਦਯੋਗ ਸੰਘ ਦੇ ਨਿਰਦੇਸ਼ਕ ਕੇ. ਸ਼੍ਰੀਨਿਵਾਸ ਅਤੇ ਟਾਟਾ ਕਮਿਊਨੀਕੇਸ਼ਨ ਪੇਮੈਂਟ ਸਲਿਊਸ਼ਨ ਦੇ ਸੀ. ਈ. ਓ. ਸੰਜੀਵ ਪਾਟੇਲ ਸ਼ਾਮਲ ਹਨ।
ਇਹ ਕਮੇਟੀ ਮੌਜੂਦਾ ਲਾਗਤ, ਚਾਰਜ ਤੇ ਏ. ਟੀ. ਐੱਮ. ਟ੍ਰਾਂਜੈਕਸ਼ਨ ਲਈ ਇੰਟਰਚੇਜ ਫੀਸ ਦੀ ਸਮੀਖਿਆ ਕਰੇਗੀ ਅਤੇ ਆਰ. ਬੀ. ਆਈ. ਨੂੰ ਇਸ ਸੰਬੰਧੀ ਸਿਫਾਰਸ਼ ਸੌਂਪੇਗੀ। ਇਸ ਕਮੇਟੀ ਦਾ ਮੁੱਖ ਮਕਸਦ ਇੰਟਰਚੇਜ ਫੀਸ ਸੰਬੰਧੀ ਸਿਫਾਰਸ਼ ਦੇਣਾ ਹੈ, ਜੋ ਦੂਜੇ ਬੈਂਕ ਦੇ ਏ. ਟੀ. ਐੱਮ. ‘ਚੋਂ ਪੈਸੇ ਕਢਵਾਉਣ ‘ਤੇ ਲੱਗਦੀ ਹੈ। ਇਸ ਫੀਸ ਨੂੰ ਲੈ ਕੇ ਏ. ਟੀ. ਐੱਮ. ਕੰਪਨੀਆਂ ਤੇ ਬੈਂਕਾਂ ਵਿਚਕਾਰ ਵਿਵਾਦ ਵੀ ਰਿਹਾ ਹੈ। ਏ. ਟੀ. ਐੱਮ. ਇੰਡਸਟਰੀ ਚਾਰਜ ਵਧਾਉਣ ਦੀ ਮੰਗ ਕਰ ਰਹੀ ਸੀ ਕਿਉਂਕਿ ਆਰ. ਬੀ. ਆਈ. ਦੇ ਨਿਯਮਾਂ ਨਾਲ ਉਨ੍ਹਾਂ ਦੀ ਲਾਗਤ ਵਧੀ ਹੈ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਕਮੇਟੀ ਕੀ ਰਿਪੋਰਟ ਸੌਂਪਦੀ ਹੈ।

Leave a Reply

Your email address will not be published. Required fields are marked *