ਦਾਲਾਂ ਦੀ ਮਹਿੰਗਾਈ ‘ਤੇ ਹੁਣ ਜਾਗੀ ਸਰਕਾਰ, ਤੁਹਾਡੀ ਜੇਬ ‘ਤੇ ਘਟੇਗਾ ਭਾਰ

ਨਵੀਂ ਦਿੱਲੀ— ਦਾਲਾਂ ਦੀ ਮਹਿੰਗਾਈ ‘ਤੇ ਕਾਬੂ ਪਾਉਣ ਲਈ ਨਰਿੰਦਰ ਮੋਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ 4 ਲੱਖ ਟਨ ਅਰਹਰ ਦਾਲ ਇੰਪੋਰਟ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ, ਨਾਲ ਹੀ ਦਾਲਾਂ ਦੇ ਬਫਰ ਸਟਾਕ ‘ਚੋਂ 2 ਲੱਖ ਟਨ ਅਰਹਰ ਖੁੱਲ੍ਹੇ ਬਾਜ਼ਾਰ ‘ਚ ਵੇਚਣ ਦਾ ਵੀ ਫੈਸਲਾ ਕੀਤਾ ਹੈ, ਤਾਂ ਕਿ ਇਸ ਦੀ ਕੀਮਤ ਬਾਜ਼ਾਰ ‘ਚ ਘੱਟ ਹੋਵੇ।

ਉੱਥੇ ਹੀ, ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਦਾਲਾਂ ਦੀ ਜਮ੍ਹਾਖੋਰੀ ਕਰ ਰਹੇ ਹਨ ਉਨ੍ਹਾਂ ‘ਤੇ ਕਾਰਵਾਈ ਹੋਵੇਗੀ। ਸਰਕਾਰ ਦਾ ਸਪੱਸ਼ਟ ਕਹਿਣਾ ਹੈ ਕਿ ਦਾਲਾਂ ਦੀ ਕੋਈ ਕਮੀ ਨਹੀਂ ਹੈ। ਸਰਕਾਰ ਕੋਲ 11.53 ਲੱਖ ਟਨ ਦਾਲਾਂ ਦਾ ਬਫਰ ਸਟਾਕ ਹੈ। ਇਸ ਦੇ ਇਲਾਵਾ 27.32 ਲੱਖ ਟਨ ਦਾਲਾਂ ਦਾ ਵਾਧੂ ਭੰਡਾਰ ਨੈਫੇਡ ਕੋਲ ਹੈ। ਕੁੱਲ ਮਿਲਾ ਕੇ 39 ਲੱਖ ਟਨ ਦਾਲਾਂ ਸਰਕਾਰ ਕੋਲ ਉਪਲੱਬਧ ਹਨ।
ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਦਾਲਾਂ ਦੀ ਕਾਲਾ-ਬਾਜ਼ਾਰੀ ਅਤੇ ਜਮ੍ਹਾਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਮ੍ਹਾਖੋਰ ਬਣਾਵਟੀ ਕਮੀ ਦਿਖਾਉਣ ਦਾ ਭਰਮ ਪੈਦਾ ਕਰ ਰਹੇ ਹਨ, ਜਦਕਿ ਸਰਕਾਰ ਕੋਲ ਦਾਲਾਂ ਦੀ ਕਮੀ ਨਹੀਂ ਹੈ। ਹਾਲਾਂਕਿ ਪਾਸਵਾਨ ਨੇ ਕਿਹਾ ਕਿ 2018-19 ਦੇ ਦਾਲ ਸੀਜ਼ਨ (ਜੁਲਾਈ-ਜੂਨ) ‘ਚ ਦਾਲਾਂ ਦਾ ਉਤਪਾਦਨ 232 ਲੱਖ ਟਨ ਰਹਿਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 254.2 ਲੱਖ ਟਨ ਰਿਹਾ ਸੀ। ਅਰਹਰ ਦਾਲ ਨੂੰ ਛੱਡ ਕੇ ਛੋਲੇ, ਮੂੰਗ, ਮਸਰ ਤੇ ਮਾਂਹ ਦਾ ਉਤਪਾਦਨ ਉੱਚਾ ਰਹਿਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਅਰਹਰ ਦਾਲ ਦਾ ਉਤਪਾਦਨ 35 ਲੱਖ ਟਨ ਰਹਿਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 42.9 ਲੱਖ ਟਨ ਰਿਹਾ ਸੀ।

Leave a Reply

Your email address will not be published. Required fields are marked *