ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ, ਇੰਨੀ ਤਰੀਕ ਤੋਂ ਲਾ ਸਕਣਗੇ ਝੋਨਾ

ਜਲੰਧਰ—  ਹੁਣ ਕਿਸਾਨਾਂ ਨੂੰ ਝੋਨਾ ਲਾਉਣ ਲਈ ਲੰਮੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਨੇ ਇਸ ਸੰਬੰਧੀ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ‘ਚ ਕਿਸਾਨ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹਨ, ਜਦੋਂ ਕਿ ਪਹਿਲਾਂ ਇਸ ਲਈ 20 ਜੂਨ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ।

ਪਿਛਲੀ ਵਾਰ ਝੋਨੇ ਦੀ ਬੀਜਾਈ ‘ਚ ਦੇਰੀ ਹੋਣ ਨਾਲ ਇਸ ਦੀ ਕਟਾਈ ਵੀ ਕਾਫੀ ਦੇਰ ਨਾਲ ਸ਼ੁਰੂ ਹੋਈ ਸੀ ਤੇ ਇਸ ‘ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਚੋਣ ਰੈਲੀ ‘ਚ ਝੋਨੇ ਦੀ ਲਵਾਈ 13 ਜੂਨ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਕੈਪਟਨ ਨੇ ਆਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਦੇ ਸਮਰਥਨ ‘ਚ ਬੰਗਾ ‘ਚ ਆਯੋਜਿਤ ਰੈਲੀ ‘ਚ ਇਹ ਐਲਾਨ ਕੀਤਾ। ਹਾਲਾਂਕਿ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਚੋਣ ਕਮਿਸ਼ਨ ਦੀ ਇਜਾਜ਼ਤ ਲੈਣੀ ਪੈ ਸਕਦੀ ਹੈ।

ਹਰ ਸਾਲ 2.5 ਫੁੱਟ ਹੇਠਾਂ ਜਾ ਰਿਹੈ ਪਾਣੀ
ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਪਿਛਲੇ ਸਾਲਾਂ ਦੇ ਮੁਕਾਬਲੇ ਪੰਜ ਦਿਨ ਹੋਰ ਪਿਛੇਤੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਕਰਕੇ ਆਉਂਦੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਣੀ ਸੀ। ਇਸ ਦਾ ਮੁੱਖ ਮਕਸਦ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਠੱਲ ਪਾਉਣਾ ਸੀ। ਗੌਰਤਲਬ ਹੈ ਕਿ ਪੰਜਾਬ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਤਕਰੀਬਨ 2.5 ਫੁੱਟ ਘਟਦਾ ਜਾ ਰਿਹਾ ਹੈ।

Leave a Reply

Your email address will not be published. Required fields are marked *