ਟਰੰਪ ਨੇ ਗੋਲਫਰ ਵੁਡਸ ਨੂੰ ਕੀਤਾ ਸਨਮਾਨਿਤ ਤੇ ਫਿਰ ਸ਼ੁਰੂ ਹੋਇਆ ਵਿਵਾਦ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਫਰ ਟਾਈਗਰ ਵੁਡਸ ਨੂੰ ਵ੍ਹਾਈਟ ਹਾਊਸ ‘ਚ ‘ਪ੍ਰੇਸੀਡੈਂਸ਼ੀਅਲ ਮੈਡਲ ਆਫ ਫ੍ਰੀਡਮ’ ਨਾਲ ਸਨਮਾਨਿਤ ਕੀਤਾ ਹੈ। ਸੋਮਵਾਰ ਨੂੰ ਵੁਡਸ ਨੂੰ ਅਮਰੀਕਾ ਦੇ ਇਸ ਸਰਵ ਉੱਚ ਨਾਗਰਿਕ ਸਨਮਾਨ ਨਾਲ ਨਵਾਜਿਆ ਗਿਆ ਹੈ। ਟਰੰਪ ਨੇ ਵੁਡਸ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਇਤਿਹਾਸ ਦਾ ਇਕ ਮਹਾਨ ਖਿਡਾਰੀ ਕਰਾਰ ਦਿੱਤਾ। ਦੱਸ ਦਈਏ ਕਿ ਹਾਲ ਹੀ ‘ਚ ਵੁਡਸ ਨੇ 11 ਸਾਲਾ ਬਾਅਦ ਗੋਲਫ ਦਾ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤ ਕੇ ਇਸ ਖੇਡ ‘ਚ ਆਪਣੀ ਬਾਦਸ਼ਾਹਤ ਫਿਰ ਤੋਂ ਸਾਬਿਤ ਕੀਤੀ ਹੈ।
ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਵੁਡਸ ਨੂੰ ਸਨਮਾਨਿਤ ਕਰਨ ਵਾਲਾ ਪ੍ਰੋਗਰਾਮ ਹੋਇਆ। ਇਥੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਕ ਸੱਚੇ ਲੀਜ਼ੈਂਡ ਦੀ ਮੌਜੂਦਗੀ ਦੇਖ ਰਹੇ ਹਾਂ। ਟਾਈਗਰ ਵੁਡਸ ਅਮਰੀਕੀ ਉੱਤਮਤਾ ਦਾ ਇਕ ਗਲੋਬਲ ਉਦਾਹਰਣ ਹੈ। ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਜਦੋਂ ਵੁਡਸ ਨੇ ਇਸ ਸਾਲ ਦਾ ਮਾਸਟਰਸ ਟੂਰਨਾਮੈਂਟ ਜਿੱਤਿਆ ਤਾਂ ਉਸੇ ਸਮੇਂ ਟਰੰਪ ਨੇ ਸਾਬਕਾ ਨੰਬਰ ਵਨ ਗੋਲਫਰ ਨੂੰ ਇਸ ਸਨਮਾਨ ਨਾਲ ਨਵਾਜ਼ਣ ਦਾ ਐਲਾਨ ਕਰ ਦਿੱਤਾ ਸੀ। ਗੋਲਫ ਦੇ ਚਾਰ ਟੂਰਨਾਮੈਂਟ ਕਿਸੇ ਵੀ ਗੋਲਫਰ ਲਈ ਸਭ ਤੋਂ ਅਹਿਮ ਹੁੰਦੇ ਹਨ ਅਤੇ ਮਾਸਟਰਸ ਟੂਰਨਾਮੈਂਟ ਇਨ੍ਹਾਂ ‘ਚੋਂ ਹੀ ਇਕ ਹੈ। ਵੁਡਸ ਨੇ 11 ਸਾਲਾ ਬਾਅਦ ਆਪਣੇ ਕਰੀਅਰ ਦਾ ਕੋਈ ਖਿਤਾਬ ਹਾਸਲ ਕੀਤਾ ਸੀ। ਅਮਰੀਕੀ ਇਤਿਹਾਸ ‘ਚ ਵੁਡਸ ਚੌਥੇ ਅਜਿਹੇ ਗੋਲਫਰ ਹਨ ਜਿਨ੍ਹਾਂ ਨੂੰ ‘ਮੈਡਲ ਆਫ ਫ੍ਰੀਡਮ’ ਦਿੱਤਾ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਸਾਲ 2004 ‘ਚ ਅਨਾਲਡ ਪਾਲਮਰ, 2005 ‘ਚ ਜੈਕ ਨਿਕੋਲਸ ਅਤੇ ਸਾਲ 2014 ‘ਚ ਚਾਪਲੀ ਸ਼ਿਫੋਰਡ ਸਰਵ ਉੱਚ ਅਮਰੀਕੀ ਨਾਗਰਿਕ ਸਨਮਾਨ ਨਾਲ ਨਵਾਜੇ ਗਏ ਸਨ।
ਵੁਡਸ ਆਪਣੀ ਪਰਸਨਲ ਲਾਈਫ, ਸੱਟਾਂ, ਐਕਸਟਰਾ ਮੈਰੀਟਲ ਅਫੇਅਰਸ ਅਤੇ ਦੂਜੇ ਵਿਵਾਦਾਂ ਦੇ ਚੱਲਦੇ ਖੇਡ ਤੋਂ ਦੂਰ ਸਨ। ਵੁਡਸ ਭਾਂਵੇ ਹੀ ਆਪਣੀ ਵਿਅਕਤੀਗਤ ਸਮੱਸਿਆਵਾਂ ਕਾਰਨ ਖੇਡ ਤੋਂ ਦੂਰ ਸਨ ਪਰ ਟਰੰਪ ਨੇ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਿਆ ਸੀ। ਉਨ੍ਹਾਂ ਦੇ ਸਕੈਂਡਲਸ ਕਾਰਨ ਟਰੰਪ ਨਾਲ ਰਿਸ਼ਤਿਆਂ ‘ਤੇ ਕੋਈ ਅਸਰ ਨਹੀਂ ਪਿਆ ਸੀ। ਵੁਡਸ ਨੇ ਦੁਬਈ ‘ਚ ਇਕ ਗੋਲਫ ਕੋਰਸ ਨੂੰ ਡਿਜ਼ਾਈਨ ਕਰਾਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਟਰੰਪ ਆਰਗੇਨਾਈਜ਼ੇਸ਼ਨ ਵੱਲੋਂ ਮੈਨੇਜ ਕੀਤਾ ਜਾਵੇਗਾ। ਟਰੰਪ ਅਤੇ ਵੁਡਸ ਨੂੰ ਕਈ ਵਾਰ ਇਕੱਠੇ ਗੋਲਫ ਖੇਡਦੇ ਹੋਏ ਦੇਖਿਆ ਗਿਆ ਹੈ। ਇਸ ਸਾਲ ਫਰਵਰੀ ‘ਚ ਫਲੋਰੀਡਾ ਦੇ ਜਿਊਪੀਟਰ ‘ਚ ਟਰੰਪ ਨੈਸ਼ਨਲ ਗੋਲਫ ਕਲੱਬ ‘ਚ ਦੋਹਾਂ ਨੇ ਗੋਲਫ ਦੇ ਕਈ ਰਾਊਂਡਸ ‘ਤੇ ਹੱਥ ਅਜ਼ਮਾਏ ਸਨ।

Leave a Reply

Your email address will not be published. Required fields are marked *