ਅਕਾਲੀਆਂ ਦੇ ਸਮੇਂ ਬੇਅਦਬੀ ਦੀਆਂ 113 ਘਟਨਾਵਾਂ ਹੋਈਆਂ : ਕੈਪਟਨ ਅਮਰਿੰਦਰ

ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਸੇਤੀਆ, ਲੀਲਾਧਰ) : ਬੀਤੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਕ੍ਰਮਵਾਰ ਪੂਰੇ ਕੀਤੇ ਜਾਣਗੇ। ਪਹਿਲਾਂ ਕੀਤੇ ਗਏ ਵਾਅਦਿਆਂ ‘ਚ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ ਅਤੇ ਸਾਢੇ 10 ਲੱਖ ਸਮਾਰਟ ਫੋਨ ਵੰਡੇ ਜਾਣਗੇ, ਜੋ ਬਾਹਰ ਤੋਂ ਮੰਗਵਾਏ ਗਏ ਹਨ, ਜਿਹੜੇ ਚੋਣ ਪ੍ਰਕਿਰਿਆ ਪੂਰੀ ਹੋਣ ਮਗਰੋਂ ਵੰਡੇ ਜਾਣਗੇ। ਇਹ ਗੱਲ ਰਾਜ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਪੈਲੇਸ ‘ਚ ਫਿਰੋਜ਼ਪੁਰ ਤੋਂ ਲੋਕਸਭਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ‘ਚ ਆਯੋਜਿਤ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਹੇ। ਇਸ ਮੌਕੇ ‘ਤੇ ਰਾਜ ਕਾਂਗਰਸ ਦੇ ਸਾਬਕਾ ਪ੍ਰਧਾਨ ਐੱਚ. ਐੱਸ. ਹੰਸਪਾਲ, ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮਲੋਟ ਤੋਂ ਕਾਂਗਰਸ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਗੋਲਡੀ ਕੰਬੋਜ ਸਕੱਤਰ ਆਲ ਇੰਡੀਆ ਯੂਥ ਕਾਂਗਰਸ ਅਤੇ ਕਾਂਗਰਸ ਦੇ ਵੱਖ ਵੱਖ ਵਿੰਗਾਂ ਦੇ ਅਹੁੱਦੇਦਾਰ ਹਾਜ਼ਰ ਸਨ।

ਕੈਪਟਨ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਵੱਖ-ਵੱਖ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ 113 ਘਟਨਾਵਾਂ ਹੋਈਆਂ। ਕੈਪਟਨ ਨੇ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਵੱਡਾ ਬਾਦਲ ਹੋਵੇ ਜਾਂ ਛੋਟਾ ਬਾਦਲ ਜਾਂ ਹੋਰ ਵੀ ਕੋਈ ਸ਼ਾਮਲ ਪਾਇਆ ਜਾਵੇਗਾ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਹਲਕੇ ‘ਚ ਕਾਂਗਰਸ ਵਰਕਰਾਂ ਅਤੇ ਪੁਲਸ ਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਧਮਕਾਉਣ ਵਾਲਿਆਂ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਉਨ੍ਹਾਂ ਦਾ ਕੜਾ ਇਲਾਜ ਹੁਣੇ ਹੀ ਕਰਨਾ ਪਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਹਲਕੇ ‘ਚ ਕਾਂਗਰਸ ‘ਚ ਕੋਈ ਗੁਟਬਾਜ਼ੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਰੈਲੀ ਤੋਂ ਬਾਅਦ ਫਿਰ ਫਿਰੋਜ਼ਪੁਰ ਲੋਕਸਭਾ ਹਲਕੇ ‘ਚ ਆਵਾਂਗਾ ਅਤੇ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਜਿਤਾ ਕੇ ਭੇਜਾਂਗੇ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਬਨਾਉਣਾ ਦਾ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਮੋਦੀ ਦੇ ਝੂਠੇ ਵਾਅਦਿਆਂ ‘ਚ ਨਾਂ ਆਉਣ, ਕਿਉਂਕਿ 2014 ‘ਚ ਉਨ੍ਹਾਂ ਕਈ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਕੀਤੇ ਗਏ ਹਨ।

Leave a Reply

Your email address will not be published. Required fields are marked *