ਜਿੱਥੇ ਮਲਾਈ ਨਹੀਂ ਉੱਥੇ ਕਾਂਗਰਸ ਕਦੇ ਗਈ ਨਹੀਂ : ਨਰਿੰਦਰ ਮੋਦੀ

ਸੀਕਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਸ਼ਹੀਦਾਂ ਦਾ ਅਪਮਾਨ ਕਰਨ, ਵਨ ਰੈਂਕ ਵਨ ਪੈਨਸ਼ਨ ਦੇਣ ਦਾ ਦਿਖਾਵਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੁਨੀਆ ਭਰ ‘ਚ ਪਾਕਿਸਤਾਨ ਰੋ-ਰੋ ਕੇ ਕਹਿ ਰਿਹਾ ਹੈ ਕਿ ਮੋਦੀ ਨੇ ਮਾਰਿਆ ਹੈ ਪਰ ਕਾਂਗਰਸ ਸਰਜੀਕਲ ਸਟਰਾਈਕ ‘ਤੇ ਹੀ ਸਵਾਲ ਖੜ੍ਹੇ ਕਰ ਰਹੀ ਹੈ। ਮੋਦੀ ਨੇ ਜਨ ਸਭਾ ‘ਚ ਕਿਹਾ ਕਿ ਕਾਂਗਰਸ ਨੂੰ ਸ਼ਹੀਦਾਂ ਦੀ ਕਦੇ ਚਿੰਤਾ ਨਹੀਂ ਰਹੀ ਅਤੇ ਸ਼ਹੀਦਾਂ ਨੂੰ ਰਾਸ਼ਟਰੀ ਸਮਾਰਕ ਵੀ ਇਸ ਲਈ ਨਹੀਂ ਬਣਾਇਆ ਕਿ ਇੰਡੀਆ ਗੇਟ ਦੀ ਸ਼ੋਭਾ ਖਤਮ ਹੋ ਜਾਵੇਗੀ ਪਰ ਅਸੀਂ ਇਹ ਕੰਮ ਕਰ ਕੇ ਦਿਖਾਇਆ, ਕਿਉਂਕਿ ਇੰਡੀਆ ਗੇਟ ਦੀ ਸ਼ੋਭਾ ਤੋਂ ਵਧ ਸ਼ਹਾਦਤ ਦਾ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮਲਾਈ ਨਹੀਂ ਉੱਥੇ ਕਾਂਗਰਸ ਕਦੇ ਗਈ ਨਹੀਂ।
ਕਰਨਾਟਕ ਦੇ ਮੁੱਖ ਮੰਤਰੀ ‘ਤੇ ਸਾਧਿਆ ਨਿਸ਼ਾਨਾ 
ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੇ ਇਸ ਬਿਆਨ ਦਾ ਤਿੱਖਾ ਵਿਰੋਧ ਕੀਤਾ ਕਿ ਫੌਜ ‘ਚ ਲੋਕ ਰੋਟੀ ਲਈ ਭਰਤੀ ਹੁੰਦੇ ਹਨ। ਉਨ੍ਹਾਂ ਨੇ ਸ਼ੇਖਾਵਾਟੀ ਦੀਆਂ ਮਾਂਵਾਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦਾ ਬੇਟਾ ਫੌਜ ‘ਚ ਰੋਟੀ ਲਈ ਭਰਤੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ‘ਚ ਰੋਟੀ ਲਈ ਨਹੀਂ ਸਗੋਂ ਗੋਲੀ ਖਾਣ ਲਈ ਨੌਜਵਾਨ ਭਰਤੀ ਹੁੰਦੇ ਹਨ। ਬਾਲਾਕੋਟ ‘ਚ ਸਰਜੀਕਲ ਸਟਰਾਈਕ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਕਾਂਗਰਸ ਨੇ ਅਜਿਹੀ ਕੋਈ ਕਾਰਵਾਈ ਨੂੰ ਮੰਨਿਆ ਹੀ ਨਹੀਂ, ਫਿਰ ਬਾਅਦ ‘ਚ ਇਸ ਦੀ ਨਜ਼ਰਅੰਦਾਜੀ ਕੀਤੀ ਪਰ ਜਦੋਂ ਜਨਤਾ ਮੇਰੇ ਨਾਲ ਹੋ ਗਈ ਤਾਂ ਉਹ ਵੀ ‘ਮੀ ਟੂ ਮੀ ਟੂ’ ਕਹਿਣ ਲੱਗੀ। ਕਾਂਗਰਸ ਨੇ 6 ਵਾਰ ਸਰਜੀਕਲ ਸਟਰਾਈਕ ਕਰਨ ਦੀ ਗੱਲ ਕਹਿਣ ਦੇ ਨਾਲ ਉਸ ਦੀਆਂ ਤਰੀਕਾਂ ਵੀ ਗਿਨਾਈਆਂ ਪਰ ਇਹ ਨਾ ਤਾਂ ਪਾਕਿਸਤਾਨ ਨੂੰ ਅਤੇ ਨਾ ਹੀ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਪਤਾ ਲੱਗਾ। ਉਨ੍ਹਾਂ ਨੇ ਕਿਹਾ ਕਿ 23 ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਇਹ ਕਹਿਣ ਲੱਗੇਗੀ ਕਿ ਅਸੀਂ 600 ਵਾਰ ਸਰਜੀਕਲ ਸਟਰਾਈਕ ਕੀਤੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਜਦੋਂ ਵੀ ਸ਼ਾਸਨ ‘ਚ ਆਉਂਦੀ ਹੈ, ਮਹਿੰਗਾਈ ਨਾਲ ਲਿਆਉਂਦੀ ਹੈ।
2014 ਤੋਂ ਪਹਿਲਾਂ ਮਹਿੰਗਾਈ ਨੇ ਲੋਕਾਂ ਦੀ ਤੋੜ ਦਿੱਤੀ ਸੀ ਕਮਰ
ਉਨ੍ਹਾਂ ਨੇ ਕਿਹਾ ਕਿ 70 ਦੇ ਦਹਾਕੇ ‘ਚ ਅਤੇ 2014 ਤੋਂ ਪਹਿਲਾਂ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਸੀ ਪਰ ਅੱਜ ਖਾਧ ਪਦਾਰਥ, ਕੱਪੜੇ, ਬੂਟ, ਦਵਾਈਆਂ ਸਸਤੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟੈਕਸਾਂ ‘ਚ ਕਮੀ ਕਰ ਕੇ ਕਰਮਚਾਰੀਆਂ, ਵਪਾਰੀਆਂ ਨੂੰ ਰਾਹਤ ਦਿੱਤੀ ਗਈ ਅਤੇ ਵਿਕਾਸ ਦੀ ਗਤੀ ਨੂੰ ਦੁੱਗਣਾ ਕੀਤਾ ਗਿਆ। ਸਿੱਖਿਆ ਕਰਜ਼ੇ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਆਜ਼ ਦਰ ਨੂੰ 15 ਤੋਂ 11 ਫੀਸਦੀ ਕਰਨ ‘ਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈਣ ਦਿੱਤਾ ਹੈ ਅਤੇ 2022 ਤੱਕ ਸਾਰਿਆਂ ਨੂੰ ਪੱਕ ਘਰ ਦੇਣ ਦੇ ਨਾਲ ਛੋਟੇ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ। ਉਨ੍ਹਾਂ ਨੇ ਕਾਂਗਰਸ ‘ਤੇ ਸਮਾਜ ਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਮਾਜ ਨੂੰ ਵੰਡਦੀ ਰਹੀ ਪਰ ਅਸੀਂ ਪਿਛੜੇ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਲਈ ਆਰਥਿਕ ਪਿਛੜਿਆਂ ਨੂੰ 10 ਫੀਸਦੀ ਰਾਖਵਾਂਕਰਨ ਦਾ ਲਾਭ ਦਿਵਾਇਆ।

Leave a Reply

Your email address will not be published. Required fields are marked *