ਸਿੰਗਾਪੁਰ ਓਪਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪਹੁੰਚੀ ਪੀ.ਵੀ. ਸਿੰਧੂ
ਸਿੰਗਾਪੁਰ : ਭਾਰਤ ਦੀ ਸਟਾਰ ਸ਼ਟਲਰ ਪੀ.ਵੀ ਸਿੰਧੂ ਇੰਡੋਨੇਸ਼ੀਆ ਦੀ ਲੈਨੀ ਅਲੇਸਾਂਦਰਾ ਮੈਨਾਕੀ ਨੂੰ ਸਿੱਧੀ ਗੇਮ ‘ਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਐਂਟਰੀ ਕੀਤੀ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲ ਦੇ ਇਕਤਰਫਾ ਮੁਕਾਬਲੇ ‘ਚ ਇੰਡੋਨੇਸ਼ੀਆ ਦੀ ਆਪਣੀ ਵਿਰੋਧੀ ਨੂੰ ਮਹਿਜ 27 ਮਿੰਟਾਂ ‘ਚ 21-9, 21-7 ਨਾਲ ਹਰਾ ਦਿੱਤਾ।
ਰੀਓ ਓਲੰਪਿਕ ਦੀ ਰਜਤ ਪਦਕ ਜੇਤੂ ਅਗਲੇ ਦੌਰ ‘ਚ ਡੈਨਮਾਰਕ ਦੀ ਮਿਆ ਬਲਿਚਫੇਲਟ ਨਾਲ ਭਿੜੇਗੀ। ਪਰ ਪੁਰਸ਼ ਡਬਲ ‘ਚ ਪਹਿਲੇ ਦੌਰ ‘ਚ ਹੀ ਭਾਰਤੀ ਚੁਣੌਤੀ ਖ਼ਤਮ ਹੋ ਗਈ। ਮਨੂੰ ਅਤਰੀ ਤੇ ਬੀ ਸੁਮਿਤ ਰੈੱਡੀ ਦੀ ਜੋੜੀ ਪਹਿਲੇ ਦੌਰ ‘ਚ ਸਿੰਗਾਪੁਰ ਦੇ ਕੁਆਲੀਫਾਇਰ ਡੈਨੀ ਬਾਵ ਕਰਿਸਨਾਂਤਾ ਤੇ ਕੀਨ ਹੀਨ ਲੋਹ ਤੋਂ 13-21,17-21 ਤੋਂ ਹਾਰ ਗਈ।
ਸੌਰਭ ਸ਼ਰਮਾ ਤੇ ਅਨੁਸ਼ਕਾ ਪਾਰਿਖ ਦੀ ਮਿਕਸ ਡਬਲ ਜੋੜੀ ਵੀ ਪਹਿਲੇ ਦੌਰ ‘ਚੋ ਬਾਹਰ ਹੋ ਗਈ। ਉਨ੍ਹਾਂ ਨੂੰ ਦੇਚਾਪੋਲ ਪੁਆਵਾਰਾਨੁਕਰੋਹ ਤੇ ਸੈਪਸਿਰੀ ਤਾਰਾਤਾਨਾਚਾਈ ਦੀ ਥਾਈ ਜੋੜੀ ਤੋਂ 12-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।