ਗੋਇਲ ਨੇ ਰੱਖੀ ਸ਼ਰਤ : ਬੈਂਕ 1500 ਕਰੋੜ ਦਾ ਹੋਰ ਕਰਜ਼ ਦੇਵੇ, ਤਾਂ ਹੀ ਬਾਕੀ ਸ਼ੇਅਰ ਰੱਖਾਂਗਾ ਗਹਿਣੇ

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੇ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਹੋਰ ਸ਼ੇਅਰ ਉਨ੍ਹਾਂ ਕੋਲ ਗਿਰਵੀ ਰੱਖਣ ਲਈ ਤਿਆਰ ਹੈ, ਬਾਸ਼ਰਤੇ ਉਹ ਵਾਅਦੇ ਮੁਤਾਬਕ ਕੰਪਨੀ ਨੂੰ 1,500 ਕਰੋਡ਼ ਰੁਪਏ ਦਾ ਅੰਤ੍ਰਿਮ ਕਰਜ਼ਾ ਜਾਰੀ ਕਰਨ। ਇਸ ਮਾਮਲੇ ਤੋਂ ਜਾਣੂ 3 ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਮਾਮਲੇ ’ਚ ਬੈਂਕਾਂ ਦਾ ਰੁਖ ਕੀ ਹੈ। ਇਸ ’ਚ ਜੈੱਟ ਦੇ ਦੂਜੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਏਤਿਹਾਦ ਏਅਰਵੇਜ਼ ਬੈਂਕਾਂ ਦੇ ਪ੍ਰਪੋਜ਼ਲ ’ਤੇ ਵਿਚਾਰ ਕਰਨ ਲਈ ਬੋਰਡ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ।

ਏਤਿਹਾਦ ਨੇ ਪਹਿਲਾਂ ਜੈੱਟ ਦੇ ਰੀਵਾਈਵਲ ਪਲਾਨ ਦਾ ਹਿੱਸਾ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੇ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਕਿਹਾ ਸੀ ਕਿ ਉਹ ਜੈੱਟ ’ਚ ਆਪਣੀ ਹਿੱਸੇਦਾਰੀ ਵੇਚਣਾ ਚਾਹੁੰਦਾ ਹੈ। ਹਾਲਾਂਕਿ ਗੋਇਲ ਦੇ ਜੈੱਟ ਦੇ ਚੇਅਰਮੈਨ ਅਹੁਦੇ ਤੇ ਬੋਰਡ ਤੋਂ ਅਸਤੀਫਾ ਦੇਣ ਅਤੇ ਸਾਰੇ ਕੰਟਰੋਲ ਛੱਡਣ ’ਤੇ ਹਾਮੀ ਭਰਨ ਤੋਂ ਬਾਅਦ ਉਸ ਦੇ ਨਾਲ ਬੈਂਕਾਂ ਦੀ ਗੱਲਬਾਤ ਫਿਰ ਤੋਂ ਸ਼ੁਰੂ ਹੋਈ ਹੈ। ਜੈੱਟ ’ਚ ਨਿਵੇਸ਼ ਲਈ ਏਤਿਹਾਦ ਨੇ ਓਪਨ ਆਫਰ ਤੋਂ ਛੋਟ ਦੀ ਵੀ ਮੰਗ ਕੀਤੀ ਹੈ।

ਜੈੱਟ ਦੀ ਅੰਤ੍ਰਿਮ ਫੰਡਿੰਗ ਵੀ ਬਹੁਤ ਜ਼ਰੂਰੀ

ਸੇਬੀ ਦੇ ਟੇਕਓਵਰ ਰੂਲਜ਼ ਮੁਤਾਬਕ ਜੇਕਰ ਕਿਸੇ ਨਿਵੇਸ਼ਕ ਦੀ ਕਿਸੇ ਕੰਪਨੀ ’ਚ ਹਿੱਸੇਦਾਰੀ 25 ਫੀਸਦੀ ਹੋ ਜਾਂਦੀ ਹੈ ਤਾਂ ਉਸ ਨੂੰ ਹੋਰ 20 ਫੀਸਦੀ ਸ਼ੇਅਰਾਂ ਲਈ ਓਪਨ ਆਫਰ ਲਿਆਉਣਾ ਹੋਵੇਗਾ। ਏਤਿਹਾਦ ਕੋਲ ਅਜੇ ਜੈੱਟ ਦੇ 24 ਫੀਸਦੀ ਸ਼ੇਅਰ ਹਨ। ਉਥੇ ਗੋਇਲ ਕੋਲ ਕੰਪਨੀ ਦੇ 51 ਫੀਸਦੀ ਸ਼ੇਅਰ ਹਨ। ਜਦੋਂ ਤੱਕ ਉਹ ਆਪਣੇ ਹਿੱਸੇ ਦੇ ਹੋਰ ਸ਼ੇਅਰ ਬੈਂਕਾਂ ਕੋਲ ਗਿਰਵੀ ਨਹੀਂ ਰੱਖਦੇ, ਉਦੋਂ ਤੱਕ ਕੰਪਨੀ ਦੀ ਕੰਟਰੋਲਿੰਗ ਹਿੱਸੇਦਾਰੀ ਕਿਸੇ ਨਵੇਂ ਨਿਵੇਸ਼ਕ ਨੂੰ ਨਹੀਂ ਵੇਚੀ ਜਾ ਸਕਦੀ। ਜੈੱਟ ਦੀ ਅੰਤ੍ਰਿਮ ਫੰਡਿੰਗ ਵੀ ਬਹੁਤ ਜ਼ਰੂਰੀ ਹੈ। ਕੰਪਨੀ ਆਪਣੇ ਬੇੜੇ ਦੇ ਕਈ ਪਲੇਨਜ਼ ਦੀ ਵਰਤੋਂ ਨਹੀਂ ਕਰ ਪਾ ਰਹੀ ਹੈ। ਉਸ ਨੇ ਜਿਨ੍ਹਾਂ ਕੰਪਨੀਆਂ ਵੱਲੋਂ ਪਲੇਨ ਲੀਜ਼ ’ਤੇ ਲਏ ਸਨ, ਉਹ ਉਨ੍ਹਾਂ ਦਾ ਕਿਰਾਇਆ ਨਹੀਂ ਚੁਕਾ ਪਾਈ ਹੈ, ਇਸ ਲਈ ਉਸ ਨੂੰ ਵੱਡੀ ਗਿਣਤੀ ’ਚ ਅਜਿਹੇ ਪਲੇਨਜ਼ ਦੀ ਵਰਤੋਂ ਬੰਦ ਕਰਨੀ ਪਈ ਹੈ। ਕੰਪਨੀ ਕੋਲ ਕਰਮਚਾਰੀਆਂ ਦੀ ਤਨਖਾਹ ਦੇਣ ਦਾ ਵੀ ਪੈਸਾ ਨਹੀਂ ਹੈ। ਮੈਨੇਜਮੈਂਟ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਵਾਅਦੇ ਮੁਤਾਬਕ ਬੈਂਕਾਂ ਤੋਂ ਅੰਤ੍ਰਿਮ ਕਰਜ਼ਾ ਨਹੀਂ ਮਿਲਦਾ ਤਾਂ ਉਹ ਅਪ੍ਰੈਲ ਤੋਂ ਬਾਅਦ ਕੰਮ-ਧੰਦਾ ਜਾਰੀ ਨਹੀਂ ਰੱਖ ਪਾਵੇਗਾ।
ਗੋਇਲ ਦੇ ਸਵਾਲਾਂ ਦਾ ਜੈੱਟ ਏਅਰਵੇਜ਼ ਤੇ ਐੱਸ. ਬੀ. ਆਈ. ਵੱਲੋਂ ਨਹੀਂ ਮਿਲਿਆ ਜਵਾਬ

ਗੋਇਲ ਦੀ ਸ਼ਰਤ ਨਾਲ ਜੁਡ਼ੇ ਸਵਾਲਾਂ ਦਾ ਜੈੱਟ ਏਅਰਵੇਜ਼ ਤੇ ਐੱਸ. ਬੀ. ਆਈ. ਵੱਲੋਂ ਜਵਾਬ ਨਹੀਂ ਮਿਲਿਆ। ਉਥੇ ਹੀ ਏਤਿਹਾਦ ਨੇ ਨਿਵੇਸ਼ ਪ੍ਰਸਤਾਵ ’ਤੇ ਬੋਰਡ ਮੀਟਿੰਗ ਬੁਲਾਉਣ ਦੀ ਤਿਆਰੀ ਨਾਲ ਜੁਡ਼ੇ ਸਵਾਲ ’ਤੇ ਈ-ਮੇਲ ਨਾਲ ਦਿੱਤੇ ਜਵਾਬ ’ਚ ਕਿਹਾ ਕਿ ਉਹ ਬਾਜ਼ਾਰ ਦੀਆਂ ਰੁਕਾਵਟਾਂ ’ਤੇ ਟਿੱਪਣੀ ਨਹੀਂ ਕਰਦਾ। ਬੈਂਕਾਂ ਕੋਲ ਅਜੇ ਜੈੱਟ ਦੇ 32 ਫੀਸਦੀ ਸ਼ੇਅਰ ਹਨ, ਜੋ ਗੋਇਲ ਨੇ ਕਰਜ਼ਾ ਲੈਣ ਲਈ ਉਨ੍ਹਾਂ ਕੋਲ ਗਿਰਵੀ ਰੱਖੇ ਸਨ। ਬੈਂਕਾਂ ਨੇ ਕੰਪਨੀ ’ਚ ਹਿੱਸੇਦਾਰੀ ਵੇਚਣ ਲਈ ਸੋਮਵਾਰ ਨੂੰ ਨਿਵੇਸ਼ਕਾਂ ਵੱਲੋਂ ਐਕਸਪ੍ਰੈਸ਼ਨ ਆਫ ਇੰਟਰੈਸਟ ਮੰਗਵਾਏ ਸਨ। ਬੈਂਕਾਂ ਨੇ ਇਸ ਦੇ ਡਾਕੂਮੈਂਟ ’ਚ ਕਿਹਾ ਹੈ ਕਿ ਉਹ ਕੰਪਨੀ ’ਚ 31.2-75 ਫੀਸਦੀ ਹਿੱਸੇਦਾਰੀ ਵੇਚ ਸਕਦੇ ਹਨ।

Leave a Reply

Your email address will not be published. Required fields are marked *