ਕਾਂਗਰਸੀਆਂ ਕੋਲੋਂ ਬੋਰੀਆਂ ਭਰ-ਭਰ ਕੇ ਨੋਟਾਂ ਦੇ ਬੰਡਲ ਮਿਲ ਰਹੇ ਹਨ : ਮੋਦੀ

ਜੂਨਾਗੜ੍ਹ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀਆਂ ਦੇ ਘਰੋਂ ਆਮਦਨ ਟੈਕਸ ਵਿਭਾਗ ਦੇ ਛਾਪੇ ‘ਚ ਕਰੋੜਾਂ ਰੁਪਏ ਬਰਾਮਦ ਹੋਣ ਦੇ ਬਹਾਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸੀਆਂ ਕੋਲੋਂ ਬੋਰੀਆਂ ਭਰ-ਭਰ ਕੇ ਨੋਟਾਂ ਦੇ ਬੰਡਲ ਮਿਲ ਰਹੇ ਹਨ। ਕਾਂਗਰਸ ਨੇ ਪਹਿਲਾਂ ਕਰਨਾਟਕ ਨੂੰ ਏ.ਟੀ.ਐੱਮ. ਬਣਾਇਆ, ਹੁਣ ਮੱਧ ਪ੍ਰਦੇਸ਼ ਵੀ ਕਾਂਗਰਸ ਦਾ ਏ.ਟੀ.ਐੱਮ. ਬਣ ਗਿਆ ਹੈ। ਕਾਂਗਰਸ ਦੇ ਘਪਲਿਆਂ ‘ਚ ਇਕ ਨਵਾਂ ਘਪਲਾ ਸਬੂਤਾਂ ਨਾਲ ਹੋਰ ਜੁੜ ਗਿਆ ਹੈ। ਉਹ ਹੈ ਤੁਗਲਕ ਰੋਡ ਚੋਣਾਵੀ ਘਪਲਾ। ਜੂਨਾਗੜ੍ਹ ‘ਚ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਾਂਗਰਸ ਪਾਰਟੀ ‘ਤੇ ਸਰਦਾਰ ਪਟੇਲ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,”ਮੋਦੀ ਜਦੋਂ ਅੱਤਵਾਦ ਹਟਾਉਣ ਦੀ ਗੱਲ ਕਰਦਾ ਹੈ ਤਾਂ ਕਾਂਗਰਸ ਅਤੇ ਉਸ ਦੇ ਸਾਥੀ ਮੋਦੀ ਨੂੰ ਹਟਾਉਣ ਦੀ ਗੱਲ ਕਰਦੇ ਹਨ। ਅਜਿਹੀ ਕੋਈ ਗਾਲ੍ਹ ਨਹੀਂ ਜੋ ਉਨ੍ਹਾਂ ਨੇ ਤੁਹਾਡੇ ਇਸ ਬੇਟੇ ਨੂੰ ਨਾ ਦਿੱਤੀ ਹੋਵੇ। ਕੀ ਜੂਨਾਗੜ੍ਹ ਅਤੇ ਸੋਮਨਾਥ ਦਾ ਵਿਅਕਤੀ ਸਰਦਾਰ ਸਾਹਿਬ ਨੂੰ ਭੁੱਲ ਸਕਦਾ ਹੈ। ਸੋਚ ਜੇਕਰ ਸਰਦਾਰ ਸਾਹਿਬ ਨਾ ਹੁੰਦੇ ਤਾਂ ਜੂਨਾਗੜ੍ਹ ਕਿੱਥੇ ਹੁੰਦਾ?”
ਇਕ ਹੀ ਗੀਤ ਵੱਜਦਾ ਹੈ- ਮੋਦੀ ਹਟਾਓ, ਮੋਦੀ ਹਟਾਓ
ਉਨ੍ਹਾਂ ਨੇ ਕਿਹਾ,”ਜਦੋਂ ਮੋਰਾਰਜੀ ਦੇਸਾਈ ਉੱਭਰ ਕੇ ਆਏ ਤਾਂ ਇਨ੍ਹਾਂ ਨੂੰ ਉਨ੍ਹਾਂ ਲਈ ਵੀ ਨਫ਼ਰਤ ਹੋ ਗਈ। ਸਿਧਾਂਤਾਂ ਲਈ ਜਿਉਂਣ ਵਾਲੇ ਮੋਰਾਰਜੀ ਦੀ ਸਰਕਾਰ ਨੂੰ ਇਨ੍ਹਾਂ ਨੇ ਸੁੱਟ ਦਿੱਤਾ। ਹੁਣ ਇਨ੍ਹਾਂ ਨੂੰ ਮੇਰੇ ਮੁਸੀਬਤ ਹੈ ਕਿ ਇਕ ਚਾਹਵਾਲੇ ਨੇ ਪੂਰੇ ਦਮ ਨਾਲ 5 ਸਾਲ ਕਿਵੇਂ ਕੱਢ ਦਿੱਤੇ। ਕਾਂਗਰਸ ਦੇ ਟੇਪ ਰਿਕਾਰਡਰ ‘ਤੇ ਦਿਨ ਭਰ ਇਕ ਹੀ ਗੀਤ ਵੱਜਦਾ ਹੈ- ਮੋਦੀ ਹਟਾਓ, ਮੋਦੀ ਹਟਾਓ। ਮੋਦੀ ਹਟਾਉਣ ਦੇ ਸਿਵਾਏ ਇਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ। ਕਾਂਗਰਸ ਅੱਜ ਸਰਦਾਰ ਪਟੇਲ ਦੇ ਸੁਪਨਿਆਂ ਦੇ ਨਾਲ-ਨਾਲ ਹਰ ਹਿੰਦੁਸਤਾਨੀ ਦੀ ਭਾਵਨਾ ਨੂੰ ਸੱਟ ਪਹੁੰਚਾ ਰਹੀ ਹੈ।
ਕਾਂਗਰਸ ਨੇ ਗਰਭਵਤੀ ਔਰਤਾਂ ਲਈ ਭੇਜੇ ਪੈਸਿਆਂ ਨੂੰ ਲੁੱਟਿਆ
ਮੋਦੀ ਨੇ ਕਿਹਾ ਕਿ ਕਾਂਗਰਸ ਸਿਰਫ ਲੁੱਟਣ ਲਈ ਸੱਤਾ ‘ਚ ਆਉਂਦੀ ਹੈ ਪਰ ਤੁਹਾਡਾ ਚੌਕੀਦਾਰ ਸਾਵਧਾਨ ਹੈ। ਉਨ੍ਹਾਂ ਨੇ ਕਿਹਾ,”ਕਾਂਗਰਸ ਗਰਭਵਤੀ ਔਰਤਾਂ ਲਈ ਭੇਜੇ ਗਏ ਪੈਸਿਆਂ ਨੂੰ ਲੁੱਟ ਰਹੀ ਹੈ। ਮੀਡੀਆ ਨੂੰ ਦਿੱਸ ਰਿਹਾ ਹੈ ਕਿ ਕਾਂਗਰਸੀਆਂ ਕੋਲੋਂ ਬੋਰੇ ਭਰ-ਭਰ ਕੇ ਨੋਟਾਂ ਦੇ ਬੰਡਲ ਮਿਲ ਰਹੇ ਹਨ। ਕਾਂਗਰਸ ਨੇ ਪਹਿਲਾਂ ਕਰਨਾਟਕ ਨੂੰ ਆਪਣਾ ਏ.ਟੀ.ਐੱਮ. ਬਣਾਇਆ, ਹੁਣ ਮੱਧ ਪ੍ਰਦੇਸ਼ ਵੀ ਕਾਂਗਰਸ ਦਾ ਏ.ਟੀ.ਐੱਮ. ਬਣ ਗਿਆ ਹੈ।
281 ਕਰੋੜ ਰੁਪਏ ਕੀਤੇ ਜ਼ਬਤ
ਦੱਸਣਯੋਗ ਹੈ ਕਿ ਆਮਦਨ ਟੈਕਸ ਵਿਭਾਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀ ਸਹਿਯੋਗੀਆਂ ਅਤੇ ਹੋਰਾਂ ਵਿਰੁੱਧ ਕੀਤੀ ਗਈ ਛਾਪੇਮਾਰੀ ਦੌਰਾਨ ਕਰੀਬ 281 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਦੇ ਰੈਕੇਟ ਦਾ ਪਤਾ ਲਗਾਇਆ ਹੈ। ਵਿਭਾਗ ਨੇ ਦੱਸਿਆ ਕਿ ਅਧਿਕਾਰੀਆਂ ਨੇ 14.6 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ ਹੈ ਅਤੇ ਮੱਧ ਪ੍ਰਦੇਸ਼ ਅਤੇ ਦਿੱਲੀ ਦਰਮਿਆਨ ਹੋਏ ਸ਼ੱਕੀ ਭੁਗਤਾਨ ਨਾਲ ਜੁੜੀ ਡਾਇਰੀ ਅਤੇ ਕੰਪਿਊਟਰ ਫਾਈਲਾਂ ਆਪਣੇ ਕਬਜ਼ੇ ‘ਚ ਲਈਆਂ ਹਨ।
ਤੁਗਲਕ ਰੋਡ ਘਪਲਾ
ਦੂਜੇ ਪਾਸੇ ਕੇਂਦਰੀ ਸਿੱਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਕਿਹਾ ਸੀ ਕਿ ਵਿਭਾਗ ਨੂੰ 20 ਕਰੋੜ ਰੁਪਏ ਦੀ ਸ਼ੱਕੀ ਨਕਦੀ ਦੇ ਤੁਗਲਕ ਰੋਡ ‘ਤੇ ਰਹਿਣ ਵਾਲੇ ਮਹੱਤਵਪੂਰਨ ਵਿਅਕਤੀ ਦੇ ਘਰੋਂ ਦਿੱਲੀ ਦੀ ਵੱਡੀ ਸਿਆਸੀ ਪਾਰਟੀ ਦੇ ਹੈੱਡ ਕੁਆਰਟਰ ਤੱਕ ਕਥਿਤ ਤੌਰ ‘ਤੇ ਜਾਣ ਦੇ ਸੁਰਾਗ ਵੀ ਮਿਲੇ ਹਨ। ਹਾਲਾਂਕਿ ਉਸ ਨੇ ਨਾ ਤਾਂ ਸਿਆਸੀ ਪਾਰਟੀ ਦੀ ਅਤੇ ਨਾ ਹੀ ਸੀਨੀਅਰ ਅਹੁਦਾ ਅਧਿਕਾਰੀਆਂ ਦੀ ਪਛਾਣ ਉਜਾਗਰ ਕੀਤੀ। ਸੀ.ਬੀ.ਡੀ.ਟੀ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ,”ਹੁਣ ਤੱਕ ਸ਼ਰਾਬ ਦੀਆਂ 252 ਬੋਤਲਾਂ, ਕੁਝ ਹਥਿਆਰਾਂ, ਸ਼ੇਰ ਦੀ ਚਮੜੀ ਤੋਂ ਇਲਾਵਾ 14.6 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਮਿਲੀ ਹੈ।” ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਲਈ ਨੀਤੀ ਤਿਆਰ ਕਰਦੀ ਹੈ।

Leave a Reply

Your email address will not be published. Required fields are marked *