ਉਲਟੇ-ਪੁਲਟੇ ਅੰਗਾਂ ਨਾਲ 99 ਸਾਲ ਤੱਕ ਜ਼ਿੰਦਾ ਰਹੀ ਔਰਤ, ਡਾਕਟਰ ਵੀ ਹੈਰਾਨ

ਵਾਸ਼ਿੰਗਟਨ (ਏਜੰਸੀ)— ਮਨੁੱਖੀ ਸਰੀਰ ਦੀ ਬਣਾਵਟ ਬਾਰੇ ਕਾਫੀ ਅਧਿਐਨ ਕੀਤੇ ਜਾ ਚੁੱਕੇ ਹਨ। ਹਾਲ ਹੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਜਾਣ ਕੇ ਡਾਕਟਰ ਵੀ ਹੈਰਾਨ ਰਹਿ ਗਏ। ਇਹ ਮਾਮਲਾ ਅਮਰੀਕਾ ਦਾ ਹੈ। ਇੱਥੇ ਰਹਿਣ ਵਾਲੀ ਰੋਜ਼ ਮੈਰੀ ਬੇਂਟਲੀ ਦੀ ਮੌਤ 99 ਸਾਲ ਦੀ ਉਮਰ ਵਿਚ ਕੁਦਰਤੀ ਕਾਰਨਾਂ ਹੋਈ। ਉਨ੍ਹਾਂ ਨੇ ਪੂਰੀ ਜ਼ਿੰਦਗੀ ਸਧਾਰਨ ਤਰੀਕੇ ਨਾਲ ਗੁਜਾਰੀ ਜਦਕਿ ਉਨ੍ਹਾਂ ਦੇ ਸਰੀਰ ਦੇ ਜ਼ਿਆਦਾਤਰ ਅੰਦਰੂਨੀ ਅੰਗ ਸਹੀ ਜਗ੍ਹਾ ‘ਤੇ ਨਹੀਂ ਸਨ। ਕੁਝ ਅੰਗਾਂ ਦਾ ਆਕਾਰ ਸਧਾਰਨ ਨਾਲੋਂ ਵੱਧ ਸੀ। ਮਰਨ ਵੇਲੇ ਤੱਕ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ।

ਪੋਰਟਲੈਂਡ ਦੇ ਓਰੇਗੋਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਵਿਚ ਜਦੋਂ ਉਨ੍ਹਾਂ ਦੇ ਸਰੀਰ ਨੂੰ ਦਾਨ ਕੀਤਾ ਗਿਆ ਤਾਂ ਐਨਾਟੋਮੀ (ਅੰਗ ਵਿਗਿਆਨ) ਦੇ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਚੱਲਿਆ। ਆਪਣੇ ਆਖਰੀ ਸਾਹ ਤੱਕ ਬੇਂਟਲੀ ਇਕ ਸਧਾਰਨ ਔਰਤ ਸੀ। ਪਰ ਹੁਣ ਉਹ ਇਤਿਹਾਸ ਦੀ ਕਿਤਾਬ ਵਿਚ ਦਰਜ ਹੋ ਗਈ ਹੈ। ਮੈਡੀਕਲ ਸਾਹਿਤ ਵਿਚ ਉਸ ਨੇ ਇਕ ਖਾਸ ਜਗ੍ਹਾ ਬਣਾ ਲਈ ਹੈ। ਅਸਲ ਵਿਚ ਉਹ ਲੇਵੋਕਾਰਡੀਆ ਦੇ ਨਾਲ ਸਾਇਟਸ ਇਨਵਰਸਿਸ ਸਥਿਤੀ ਵਿਚ ਜੀਅ ਰਹੀ ਸੀ ਜਿਸ ਵਿਚ ਜ਼ਿਆਦਾਤਰ ਮਹੱਤਵਪੂਰਣ ਅੰਗ ਉਲਟੇ ਹੋ ਜਾਂਦੇ ਹਨ। ਜਿਵੇਂ ਸਰੀਰ ਦੇ ਅੰਦਰ ਇਕ ਸ਼ੀਸ਼ਾ ਲੱਗਾ ਹੋਵੇ।

ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਵਿਚ ਕਲੀਨਿਕਲ ਐਨਾਟੋਮੀ ਪੜ੍ਹਾਉਣ ਵਾਲੇ ਸਹਾਇਕ ਪ੍ਰੋਫੈਸਰ ਕੈਮਰਨ ਵਾਕਰ ਨੇ ਕਿਹਾ,”ਉਨ੍ਹਾਂ ਵਰਗਾ ਜੇਕਰ ਕੋਈ ਦੂਜਾ ਵਿਅਕਤੀ ਲੱਭਣਾ ਹੋਵੇ ਤਾਂ ਇਹ 5 ਕਰੋੜ ਵਿਚੋਂ ਕੋਈ ਇਕ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿਚੋਂ ਉਨ੍ਹਾਂ ਨੂੰ ਕੋਈ ਭੁਲਾ ਪਾਵੇਗਾ।” ਐਨਾਟੋਮੀ ਦੇ ਵਿਦਿਆਰਥੀ ਨੀਲਸਨ ਮੁਤਾਬਕ ਸਾਲ 2018 ਵਿਚ ਸਾਨੂੰ ਇਹ ਬੌਡੀ ਦਿੱਤੀ ਗਈ ਤਾਂ ਜੋਂ ਅਸੀਂ ਮਨੁੱਖੀ ਸਰੀਰ ਦੀ ਬਣਾਵਟ ਬਾਰੇ ਸਮਝ ਸਕੀਏ। ਪਰ ਅਸੀਂ ਦੇਖਿਆ ਕਿ ਬੇਂਟਲੀ ਦੇ ਦਿਲ ਵਿਚ ਇਕ ਵੱਡੀ ਨਾੜੀ ਗਾਇਬ ਸੀ ਜੋ ਸਧਾਰਨ ਤੌਰ ‘ਤੇ ਸੱਜੇ ਪਾਸੇ ਹੁੰਦੀ ਹੈ ਪਰ ਇਹ ਖੱਬੇ ਪਾਸੇ ਸੀ। ਬੇਂਟਲੀ ਦੇ ਸੱਜੇ ਫੇਫੜੇ ਵਿਚ ਤਿੰਨ ਦੀ ਬਜਾਏ ਸਿਰਫ ਦੋ ਲੋਬ ਸਨ ਜਦਕਿ ਉਸ ਦੇ ਦਿਲ ਦਾ ਸੱਜਾ ਐਟ੍ਰੀਅਮ ਸਧਾਰਨ ਆਕਾਰ ਨਾਲੋਂ ਦੁੱਗਣਾ ਸੀ।

ਰੋਜ਼ ਮੈਰੀ ਦਾ ਜਨਮ ਸਾਲ 1918 ਵਿਚ ਓਰੇਗਾਨ ਤੱਟ ਦੇ ਇਕ ਛੋਟੇ ਜਿਹੇ ਸ਼ਹਿਰ ਵਾਲਡਪੋਰਟ ਵਿਚ ਹੋਇਆ ਸੀ। ਪੇਸ਼ੇ ਤੋਂ ਹੇਅਰਡ੍ਰੈਸਰ ਰੋਜ਼ ਮੈਰੀ ਹਮੇਸ਼ਾ ਤੋਂ ਹੀ ਵਿਗਿਆਨ ਨੂੰ ਲੈ ਕੇ ਦੀਵਾਨੀ ਸੀ। ਉਹ ਮੰਨਦੀ ਸੀ ਕਿ ਜੇਕਰ ਉਨ੍ਹਾਂ ਨੂੰ ਸਿਖਲਾਈ ਲੈਣ ਦਾ ਮੌਕਾ ਦਿੱਤਾ ਹੁੰਦਾ ਤਾਂ ਉਹ ਇਕ ਚੰਗੀ ਨਰਸ ਹੁੰਦੀ। ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਨਰਸ ਐਡ ਕੌਰਪ ਵਿਚ ਵਾਲੰਟੀਅਰ ਕੀਤਾ ਸੀ। ਰੋਜ਼ ਮੈਰੀ ਦੀ ਬੇਟੀ ਜਿੰਜਰ ਰੌਬਿਨਸ ਨੂੰ ਜਦੋਂ ਇਸ ਸੱਚਾਈ ਬਾਰੇ ਪਤਾ ਚੱਲਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਕਦੇ ਕੋਈ  ਮੁਸ਼ਕਲ ਨਹੀਂ ਹੋਈ। ਉਹ ਹਮੇਸ਼ਾ ਸਿਹਤਮੰਦ ਰਹੀ। ਉਹ ਚੰਗੀ ਤੈਰਾਕ ਸੀ।

Leave a Reply

Your email address will not be published. Required fields are marked *