ਇਟਲੀ ਨੇ ਵਿਦੇਸ਼ੀ ਕਾਮਿਆਂ ਲਈ ਖੋਲ੍ਹੇ ਬਾਰਡਰ, 16 ਅਪ੍ਰੈਲ ਤੋਂ ਭੇਜੋ ਦਰਖਾਸਤਾਂ

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇ ਕਾਨੂੰਨ ‘ਤੇ ਦਸਤਖਤ ਕਰਨ ਮਗਰੋਂ ਹਰੀ ਝੰਡੀ ਦੇਣ ਦੇ ਬਾਅਦ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਐਲਾਨ ਤੋਂ ਬਾਅਦ ਵੀ ਲੋਕਾਂ ਨੂੰ ਪੇਪਰ ਭਰਨ ਵਾਲੀਆਂ ਤਰੀਕਾਂ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ।
ਇੱਥੇ ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ (ਸੀਜ਼ਨ ਵਾਲੇ) ਪੇਪਰਾਂ ਤੇ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ। ਜਾਰੀ ਕੀਤੇ ਕੋਟੇ ਮੁਤਾਬਿਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ । ਇਟਲੀ ਆਉਣ ਦੇ ਚਾਹਵਾਨ 24 ਤਰੀਕ ਨੂੰ ਸਵੇਰੇ 8 ਵਜੇ ਤੋਂ ਆਨ ਲਾਈਨ ਦਰਖਾਸਤਾਂ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਤੇ ਭੇਜ ਸਕਦੇ ਹਨ। ਇਸੇ ਤਰ੍ਹਾਂ ਜਿਹੜੇ ਪਿਛਲੇ ਸਾਲ ਇੰਨ੍ਹਾਂ ਪੇਪਰਾਂ ਤੇ ਇਟਲੀ ਆਏ ਸਨ ਉਹ ਆਪਣੇ ਆਰਜੀ ਪੇਪਰਾਂ ਨੂੰ ਪੱਕੇ ਤੌਰ ਤੇ ਬਦਲਾਉਣ ਲਈ 16 ਅਪ੍ਰੈਲ ਤੋ ਦਰਖਾਸਤਾਂ ਭੇਜ ਸਕਦੇ ਹਨ।
>ਇਹ ਵੀ ਦੱਸਣਯੋਗ ਹੈ ਕਿ 38,500 ਕਰਮਚਾਰੀਆਂ ਦੇ ਕੋਟੇ ਵਿਚੋਂ ਪ੍ਰਾਪਤ ਦਰਖਾਸਤਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਂਦਾ ਹੈ।ਅਜਿਹੇ ਵਿਚ ਡਫਾਲਟਰ ਮਾਲਕਾਂ ਵਲੋ ਭਰੀਆਂ ਦਰਖਾਸਤਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਸ ਕੋਟੇ ਵਿਚ ਬਿਜ਼ਨੈੱਸ, ਵਿਦਿਆਰਥੀ, ਖਿਡਾਰੀ ਤੇ ਕਈ ਹੋਰ ਜ਼ਰੂਰੀ ਕੈਟਾਗਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਟਲੀ ਦੇ ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਨੇ ਆਪਣੇ ਹੱਕਾਂ ਦਾ ਅਧਿਕਾਰ ਵਰਤਦੇ ਹੋਏ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢ ਦਿੱਤਾ ਹੈ ਜਿਸ ਦੇ ਤਹਿਤ ਪਾਕਿਸਤਾਨ ਦੇ ਨਾਗਰਿਕ ਵੀ ਇਸ ਕੋਟੇ ਤਹਿਤ ਪੇਪਰ ਭਰਕੇ ਇਟਲੀ ਨਹੀਂ ਆ ਸਕਣਗੇ ।

Leave a Reply

Your email address will not be published. Required fields are marked *