ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਬਿਕਰਮ ਮਜੀਠੀਆ ਦੀ ਸਲਾਹ

ਚੰਡੀਗੜ੍ਹ: ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਰਹਿ ਚੁੱਕੇ ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ‘ਤੇ ਚੋਣ ਕਮਿਸ਼ਨ ਦੀ ਕਾਰਵਾਈ ‘ਤੇ ਅਕਾਲੀ ਦਲ ਬਾਗ਼ੋਬਾਗ਼ ਹੈ। ਇਸੇ ਦੌਰਾਨ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ। ਮਜੀਠੀਆ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਕਾਂਗਰਸ ਲਈ ਚੋਣ ਲੜਨ ਦੀ ਸਲਾਹ ਦਿੱਤੀ ਹੈ।

ਮਜੀਠੀਆ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਪੁਲਿਸ ਆਈਜੀ ਨਾਲੋਂ ਵੱਧ ਕਾਂਗਰਸ ਦਾ ਬੁਲਾਰਾ ਬਣ ਕੇ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਾਂ ਆਈਜੀ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦੇ ਦੇਣੀ ਚਾਹੀਦੀ ਹੈ।

ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ‘ਤੇ ਨਹੀਂ ਬਲਕਿ ਆਈਜੀ ਦੇ ਨਿੱਜੀ ਬਿਆਨਾਂ ‘ਤੇ ਇਤਰਾਜ਼ ਜਤਾਇਆ ਹੈ। ਮਜੀਠੀਆ ਨੇ ਕਾਂਗਰਸ ਦੀ ਕੈਬਨਿਟ ਸਮੇਤ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਕਿਹਾ ਕਿ ਆਈਜੀ ਦੀ ਬਦਲੀ ਕਰਵਾਉਣ ਵਿੱਚ ਸਾਰੀ ਕਾਂਗਰਸ ਦਾ ਵੱਡਾ ਹੱਥ ਰਿਹਾ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਆਈਜੀ ਤੇ ਬਰਗਾੜੀ ਮੋਰਚੇ ਵਾਲੇ ਕਾਂਗਰਸ ਦੇ ਏਜੰਟ ਸਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਸਾਰੀ ਜਾਂਚ ਪੜਤਾਲ ਕਰਕੇ ਹੀ ਫੈਸਲਾ ਲਿਆ ਹੈ।

ਮਜੀਠੀਆ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਅਕਾਲੀ ਦਲ ਦੀ ਸ਼ਿਕਾਇਤ ਖਿਲਾਫ਼ ਸ਼ਿਕਾਇਤ ਲੈ ਕੇ ਪਹੁੰਚ ਕੇ ਆਈਜੀ ਦੀ ਪਿੱਠ ‘ਤੇ ਪਾਰਟੀ (ਕਾਂਗਰਸ) ਦੇ ਮੌਜੂਦ ਹੋਣ ਦੀ ਮੋਹਰ ਲਗਾ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੁੰਵਰ ਵਿਜੈ ਪ੍ਰਤਾਪ ਤੋਂ ਇਲਾਵਾ ਕਾਂਗਰਸ ਲਈ ਕੋਈ ਵੀ ਅਫਸਰ ਕਾਬਲ ਨਹੀਂ ਹੈ?

Leave a Reply

Your email address will not be published. Required fields are marked *