IND vs AUS : ਆਸਟਰੇਲੀਆ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਗੇਂਦਬਾਜ਼ੀ

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਵਨ ਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਖੇਡਿਆ ਜਾ ਰਿਹਾ ਹੈ, ਜਿਸ ਵਿਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤੀ ਕ੍ਰਿਕਟ ਟੀਮ ਲਗਾਤਾਰ ਦੋ ਮੈਚ ਗੁਆਉਣ ਤੋਂ ਬਾਅਦ ਪ੍ਰੇਸ਼ਾਨੀ ਵਿਚ ਹੈ ਤੇ ਹੁਣ ਆਸਟਰੇਲੀਆ ਵਿਰੁੱਧ ਫੈਸਲਾਕੁੰਨ ਮੁਕਾਬਲਾ ਕੋਟਲਾ ਦੇ ਮੈਦਾਨ ‘ਤੇ ਬੁੱਧਵਾਰ ਨੂੰ ਖੇਡਿਆ ਜਾਵੇਗਾ, ਜਿਥੇ ਉਸ ‘ਤੇ ਸੀਰੀਜ਼ ਜਿੱਤਣ ਦੇ ਨਾਲ-ਨਾਲ ਆਈ. ਸੀ. ਸੀ. ਵਿਸ਼ਵ ਕੱਪ ਲਈ ਖੁਦ ਨੂੰ ਤਿਆਰ ਦਿਖਾਉਣ ਦਾ ਵੀ ਦਬਾਅ ਹੋਵੇਗਾ। ਭਾਰਤੀ ਟੀਮ 5 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਸੀ ਪਰ ਉਸ ਦੇ ਓਵਰ ਕਾਨਫੀਡੈਂਸ ਤੇ ਖਿਡਾਰੀਆਂ ਦੇ ਗੈਰ-ਲਗਾਤਾਰਤਾ ਵਾਲੇ ਪ੍ਰਦਰਸ਼ਨ ਕਾਰਨ ਉਹ ਰਾਂਚੀ ਵਿਚ 32 ਦੌੜਾਂ ਤੇ ਮੋਹਾਲੀ ਵਿਚ 4 ਵਿਕਟਾਂ ਨਾਲ ਤੀਜਾ ਤੇ ਚੌਥਾ ਮੁਕਾਬਲਾ ਗੁਆ ਬੈਠੀ। ਲਗਾਤਾਰ ਦੋ ਮੈਚ ਹਾਰ ਜਾਣ ਤੋਂ ਬਾਅਦ ਮਹਿਮਾਨ ਆਸਟਰੇਲੀਆ ਸੀਰੀਜ਼ ਵਿਚ 2-2 ਦੀ ਬਰਾਬਰੀ ‘ਤੇ ਪਹੁੰਚ ਗਈ ਹੈ ਤੇ ਕੋਟਲਾ ਵਿਚ ਹੋਣ ਵਾਲਾ ਆਖਰੀ ਮੈਚ ਫੈਸਲਾਕੁੰਨ ਬਣ ਗਿਆ ਹੈ।

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਲਈ ਮੌਜੂਦਾ ਸੀਰੀਜ਼ ਨੂੰ ਮਈ ਵਿਚ ਇੰਗਲੈਂਡ ਵਿਚ ਹੋਣ ਵਾਲੀ ਮੁੱਖ ਪ੍ਰੀਖਿਆ ਤੋਂ ਪਹਿਲਾਂ ਪ੍ਰੀ-ਬੋਰਡ ਦੀ ਤਰ੍ਹਾਂ ਦੇਖਿਆ ਜਾ ਰਿਹਾ ਸੀ ਪਰ ਉਸ ਦੇ ਹਾਲੀਆ ਪ੍ਰਦਰਸ਼ਨ, ਖਰਾਬ ਫੀਲਡਿੰਗ, ਓਪਨਿੰਗ ਕ੍ਰਮ ਦੇ ਪ੍ਰਦਰਸ਼ਨ ਵਿਚ ਲਗਾਤਾਰਤਾ ਤੇ ਸਹੀ ਸੰਯੋਜਨ ਦੀ ਕਮੀ ਨੇ ਟੀਮ ਮੈਨੇਜਮੈਂਟ ਨੂੰ ਨਿਸ਼ਚਿਤ ਹੀ ਚਿੰਤਾ ਵਿਚ ਪਾ ਦਿੱਤਾ ਹੈ। ਭਾਰਤ ਨੇ ਮੋਹਾਲੀ ਵਿਚ ਚੌਥਾ ਵਨ ਡੇ ਆਪਣੀਆਂ ਵੱਡੀਆਂ ਗਲਤੀਆਂ ਨਾਲ ਗੁਆਇਆ ਤੇ ਟੀਮ 358 ਦੌੜਾਂ ਦੇ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੀ। ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਓਪਨਿੰਗ ਜੋੜੀ ਨੇ ਪਹਿਲੀ ਵਿਕਟ ਲਈ 193 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕਰ ਕੇ ਚੰਗੀ ਸ਼ੁਰੂਆਤ ਦਿਵਾਈ ਤੇ ਪਟੜੀ ‘ਤੇ ਵੀ ਪਰਤੀ ਪਰ ਇਸ ਵਾਰ ਗੇਂਦਬਾਜ਼ਾਂ ਤੇ ਵਿਕਟਕੀਪਿੰਗ ‘ਚ ਉਸ ਦੇ ਮਾੜੇ ਪ੍ਰਦਰਸ਼ਨ ਨਾਲ ਮੈਚ ਹੱਥੋਂ ਨਿਕਲ ਗਿਆ। ਮਹਿੰਦਰ ਸਿੰਘ ਧੋਨੀ ਦੇ ਆਰਾਮ ਕਾਰਨ ਆਖਰੀ ਮੈਚਾਂ ਲਈ ਟੀਮ ਵਿਚ ਵਾਪਸੀ ਕਰਨ ਵਾਲੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਵਿਕਟ ਦੇ ਪਿੱਛੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਆਸਟਰੇਲੀਆ ਨੇ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕ ਕੇ 13 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਲਿਆ। ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਨੇ ਸਾਫ ਕਰ ਦਿੱਤਾ ਹੈ ਕਿ ਇਸ ਨੌਜਵਾਨ ਟੀਮ ਨੂੰ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਤਿੰਨਾਂ ਹੀ ਵਿਭਾਗਾਂ ਵਿਚ ਗਲਤੀਆਂ ਸੁਧਾਰਨ ਦੀ ਲੋੜ ਹੈ।

ਕੋਟਲਾ ‘ਚ ਫੈਸਲਾਕੁੰਨ ਮੈਚ ਵਿਚ ਗੇਂਦਬਾਜ਼ਾਂ ਲਈ ਵਿਕਟ ਕੱਢਣ ਦੇ ਨਾਲ ਕਿਫਾਇਤੀ ਗੇਂਦਬਾਜ਼ੀ ਕਰਨਾ ਅਹਿਮ ਹੋਵੇਗਾ। ਮੋਹਾਲੀ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਜਗ੍ਹਾ ਟੀਮ ਵਿਚ ਪਰਤੇ ਭੁਵਨੇਸ਼ਵਰ ਕੁਮਾਰ ਵੀ ਟੀਮ ਦੇ ਅਹਿਮ ਗੇਂਦਬਾਜ਼ਾਂ ‘ਚ ਹੈ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਵੀ ਚੌਥੇ ਮੈਚ ‘ਚ ਪ੍ਰਦਰਸ਼ਨ ਸਬਰਯੋਗ ਸੀ ਤੇ ਇਕ ਵਾਰ ਫਿਰ ਉਸ ਤੋਂ ਇਸੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਬੱਲੇਬਾਜ਼ੀ ਕ੍ਰਮ ਦੀ ਗੱਲ ਕਰੀਏ ਤਾਂ ਲਗਾਤਾਰ ਫਲਾਪ ਰਹਿਣ ਕਾਰਨ ਆਲੋਚਨਾਵਾਂ ਦਾ ਸ਼ਿਕਾਰ ਰਹੇ ਸ਼ਿਖਰ ਧਵਨ ਨੇ ਪਿਛਲੇ ਮੈਚ ਵਿਚ ਆਪਣੀ 143 ਦੌੜਾਂ ਦੀ ਸਰਵਸ੍ਰੇਸ਼ਠ ਵਨ ਡੇ ਪਾਰੀ ਨਾਲ ਫਿਲਹਾਲ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ ਹੈ ਪਰ ਉਸ ਨੂੰ ਲਗਾਤਾਰ ਬਣਾਈ ਰੱਖਣਾ ਪਵੇਗਾ ਤੇ ਦਿੱਲੀ ਦੇ ਆਪਣੇ ਘਰੇਲੂ ਮੈਦਾਨ ‘ਤੇ ਉਮੀਦ ਰਹੇਗੀ ਕਿ ਉਹ ਸਮਰਥਕਾਂ ਸਾਹਮਣੇ ਅਜਿਹੀ ਪਾਰੀ ਖੇਡੇ। ਉਥੇ ਹੀ ਕਪਤਾਨ ਵਿਰਾਟ ਕੋਹਲੀ ਦਾ ਵੀ ਇਹ ਘਰੇਲੂ ਮੈਦਾਨ ‘ਤੇ ਹੈ, ਜਿਹੜਾ ਟੀਮ ਦਾ ਸਰਵਸ੍ਰੇਸ਼ਠ ਸਕੋਰਰ ਹੈ। ਵਿਰਾਟ ਨੇ ਇਸ ਮੈਦਾਨ ‘ਤੇ 6 ਮੈਚਾਂ ‘ਚ 202 ਦੌੜਾਂ ਬਣਾਈਆਂ ਹਨ, ਜਦਕਿ ਇਸ ਮੈਦਾਨ ‘ਤੇ ਸਚਿਨ ਤੇਂਦੁਲਕਰ ਦੇ ਨਾਂ 8 ਮੈਚਾਂ ਵਿਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਹੈ। ਪਿਛਲੇ ਮੈਚਾਂ ਵਿਚ 72, 44, 116, 123 ਤੇ 07 ਦੌੜਾਂ ਦੀਆਂ ਪਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਕਪਤਾਨ ਵੀ ਆਪਣੇ ਘਰ ਵਿਚ ਧਮਾਕੇਦਾਰ ਪਾਰੀ ਖੇਡਣਾ ਚਾਹੇਗਾ।

ਦੂਜੇ ਪਾਸੇ ਆਸਟਰੇਲੀਆਈ ਟੀਮ ਲਗਾਤਾਰ ਦੋ ਮੈਚ ਜਿੱਤ ਕੇ ਉਤਸ਼ਾਹਿਤ ਹੈ ਤੇ ਕੋਟਲਾ ਵਿਚ ਉਸ ਦੇ ਲਈ ਵੀ ਬਰਾਬਰੀ ਦਾ ਮੌਕਾ ਰਹੇਗਾ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਭਾਰਤ ਵਿਚ ਹਰਾ ਕੇ ਉਸ ਦੀ ਸੀਰੀਜ਼ ਜਿੱਤ ਵੱਡੀ ਕਾਮਯਾਬੀ ਸਾਬਤ ਹੋ ਸਕਦੀ ਹੈ, ਜਿਸ ਦੇ ਲਈ ਉਹ ਪੂਰਾ ਜ਼ੋਰ ਲਾਏਗੀ। ਉਥੇ ਹੀ ਟੀਮ ਇੰਡੀਆ ਦਾ ਕੋਟਲਾ ਮੈਦਾਨ ‘ਚ ਕਾਫੀ ਸ਼ਾਨਦਾਰ ਰਿਕਾਰਡ ਰਿਹਾ ਹੈ। ਭਾਰਤੀ ਟੀਮ ਇਸ ਮੈਦਾਨ ‘ਤੇ 1987 ਤੋਂ ਬਾਅਦ ਟੈਸਟ ਮੈਚਾਂ ‘ਚ ਅਜੇਤੂ ਹੈ। ਭਾਰਤ ਨੇ ਕੋਟਲਾ ਵਿਚ ਪਿਛਲੇ 12 ਟੈਸਟਾਂ ‘ਚੋਂ 10 ਜਿੱਤੇ ਹਨ ਤੇ ਦੋ ਡਰਾਅ ਖੇਡੇ ਹਨ। ਇਸ ਮੈਦਾਨ ‘ਤੇ ਭਾਰਤੀ ਟੀਮ ਨੇ 20 ਵਨ ਡੇ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ 12 ਜਿੱਤਾਂ ਹਾਸਲ ਹੋਈਆਂ ਹਨ ਤੇ ਬੁੱਧਵਾਰ ਨੂੰ ਉਸ ਦੀ ਕੋਸ਼ਿਸ਼ ਇਸ ਰਿਕਾਰਡ ਨੂੰ ਬਚਾਉਣ ਦੀ ਰਹੇਗੀ।
ਟੀਮਾਂ ਇਸ ਤਰ੍ਹਾਂ ਹਨ 
ਭਾਰਤ—ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਪੀਟਰ ਹੈਂਡਸਕੌਂਬ, ਸ਼ਾਨ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਐਸ਼ਟਨ ਟਰਨਰ, ਜੌਏ ਰਿਚਰਡਸਨ, ਐਡਮ ਜ਼ਾਂਪਾ, ਐਂਡ੍ਰਿਊ ਟਾਏ, ਪੈਟ ਕਮਿੰਸ, ਨਾਥਨ ਕਾਲਟਰ  ਨਾਇਲ, ਐਲੇਕਸ ਕਾਰੇ, ਨਾਥਨ ਲਿਓਨ, ਜੇਸਨ ਬਹਿਰਨਡ੍ਰੌਫ।

Leave a Reply

Your email address will not be published. Required fields are marked *