14-15 ਮਾਰਚ ਨੂੰ ਆ ਸਕਦੀ ਹੈ ਸੂਬੇ ਦੇ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ

ਚੰਡੀਗੜ੍ਹ,(ਭੁੱਲਰ) : ਪੰਜਾਬ ਕਾਂਗਰਸ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ 14 ਜਾਂ 15 ਮਾਰਚ ਨੂੰ ਆ ਸਕਦੀ ਹੈ। ਇਸ ‘ਚ ਅੱਧੀ ਦਰਜਨ ਦੇ ਕਰੀਬ ਅਜਿਹੇ ਨਾਂ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀਆਂ ਟਿਕਟਾਂ ਲਗਭਗ ਪੱਕੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ 14 ਮਾਰਚ ਨੂੰ ਬੁਲਾਈ ਹੈ, ਜਿਸ ਵਿਚ ਵੱਖ-ਵੱਖ ਰਾਜਾਂ ਦੇ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਇਲੈਕਸ਼ਨ ਤੇ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਬਾਅਦ ਨਵੀਂ ਦਿੱਲੀ ‘ਚ ਉਮੀਦਵਾਰਾਂ ਬਾਰੇ ਚਰਚਾ ਹੋ ਚੁੱਕੀ ਹੈ। ਇਸ ਮੀਟਿੰਗ ‘ਚ ਕੇਂਦਰੀ ਆਗੂ ਵੇਣੂਗੋਪਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਇੰਚਾਰਜ ਆਸ਼ਾ ਕੁਮਾਰੀ ਸ਼ਾਮਲ ਸਨ। ਭਾਵੇਂ 13 ਲੋਕਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਅਪ੍ਰੈਲ ਦੇ ਸ਼ੁਰੂ ‘ਚ ਕੀਤੇ ਜਾਣ ਦਾ ਕੈਪਟਨ ਅਮਰਿੰਦਰ ਸਿੰਘ ਐਲਾਨ ਕਰ ਚੁੱਕੇ ਹਨ ਪਰ 14 ਮਾਰਚ ਨੂੰ ਹੋਣ ਵਾਲੀ ਕੇਂਦਰੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਵਿਚ ਕੁੱਝ ਨਾਵਾਂ ਨੂੰ ਪ੍ਰਵਾਨਗੀ ਦੇ ਕੇ ਇਨ੍ਹਾਂ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਕਾਂਗਰਸ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਚਾਰ ਸਿਟਿੰਗ ਸੰਸਦ ਮੈਂਬਰਾਂ ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਮੁੜ ਉਮੀਦਵਾਰ ਬਣਾਏ ਜਾਣ ‘ਤੇ ਲਗਭਗ ਸਹਿਮਤੀ ਹੈ। ਇਸ ਤੋਂ ਇਲਾਵਾ ਪਟਿਆਲਾ ਲੋਕਸਭਾ ਹਲਕੇ ਤੋਂ ਪਰਨੀਤ ਕੌਰ ਦਾ ਨਾਂ ਵੀ ਲਗਭਗ ਤੈਅ ਹੈ। ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਪਹਿਲੀ ਸੂਚੀ ‘ਚ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *