‘ਵਿਸਾਖੀ’ ‘ਤੇ 30 ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ ਪਾਕਿਸਤਾਨ

ਅੰਮ੍ਰਿਤਸਰ : ਇਸ ਵਾਰ ਵਿਸਾਖੀ ‘ਤੇ ਪਾਕਿਸਤਾਨ ਸਰਕਾਰ ਨੇ 30 ਹਜ਼ਾਰ ਤੋਂ ਵਧੇਰੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ। ਕਰਤਾਰਪੁਰ ਲਾਂਘੇ ਦੇ ਨਿਰਮਾਣ ਅਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਇੰਨੀ ਵੱਡੀ ਗਿਣਤੀ ‘ਚ ਵੀਜ਼ਾ ਦੇ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਂਤੀ ਦਾ ਸੰਦੇਸ਼ ਦੇਣ ਦੀ ਕੂਟਨੀਤੀ ‘ਤੇ ਅਮਲ ਕਰ ਰਹੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਦਿੱਲੀ ਸਥਿਤ ਆਪਣੇ ਦੂਤਘਰ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਉਨ੍ਹਾਂ ਕੋਲ ਪਾਸਪੋਰਟ ਪੁੱਜਣ, ਉਸ ਦੇ 10 ਦਿਨਾਂ ਬਾਅਦ ਵੀਜ਼ੇ ਜਾਰੀ ਕਰ ਦਿੱਤੇ ਜਾਣ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਹਰ ਸਹੂਲਤ ਦੇਣ ਲਈ ਪਾਕਿਸਤਾਨ ਵਕਫ ਬੋਰਡ ਨੇ 18 ਮਾਰਚ ਨੂੰ ਇਕ ਬੈਠਕ ਲਾਹੌਰ ‘ਚ ਬੁਲਾਈ ਹੈ।

ਇਸ ਬੈਠਕ ‘ਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਹੋਰ ਅਹੁਦਾ ਅਧਿਕਾਰੀ ਵੀ ਸ਼ਾਮਲ ਹੋਣਗੇ। ਐੱਸ. ਜੀ. ਪੀ. ਸੀ., ਭਾਈ ਮਰਦਾਨਾ ਯਾਦਗਾਰੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਸੰਗਠਨ ਵਿਸਾਖੀ ‘ਤੇ ਪਾਕਿਸਤਾਨ ਜੱਥੇ ਭੇਜੇਦੇ ਹਨ। ਪਿਛਲੇ ਕਈ ਸਾਲਾਂ ਤੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਨੇ ਐੱਸ. ਜੀ. ਪੀ. ਸੀ. ਵਲੋਂ ਭੇਜੇ ਜਾਣ ਵਾਲੇ 1700 ਯਾਤਰੀਆਂ ‘ਚੋਂ ਕਈਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਸੀ। ਐੱਸ. ਜੀ. ਪੀ. ਸੀ. ਨੇ ਕਈ ਵਾਰ ਇਸ ਸੰਦਰਭ ‘ਚ ਪਾਕਿਸਤਾਨ ਦੂਤਘਰ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ।

Leave a Reply

Your email address will not be published. Required fields are marked *