ਪੰਜਾਬੀ ਨੌਜਵਾਨ ਨੇ ਟੁੱਟੀ-ਫੁੱਟੀ ਅੰਗਰੇਜ਼ੀ ‘ਚ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਕੁਆਲਾਲੰਪੁਰ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਅਪੀਲ ਨੂੰ ਸੁਣ ਕੇ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਅਜਿਹੇ ਬਹੁਤ ਹੀ ਮਾਮਲਿਆਂ ਵਿਚ ਸੁਸ਼ਮਾ ਸਵਰਾਜ ਨੇ ਲੋਕਾਂ ਦੀ ਮਦਦ ਕੀਤੀ। ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਲੋਕਾਂ ਦੀ ਅਪੀਲ ਸੁਣ ਕੇ ਉਸ ‘ਤੇ ਤੁਰੰਤ ਐਕਸ਼ਨ ਵੀ ਲੈਂਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰ ਸੁਸ਼ਮਾ ਦੇ ਸਾਹਮਣੇ ਆਇਆ ਫਰਕ ਸਿਰਫ ਇੰਨਾ ਸੀ ਕਿ ਜਿਸ ਵਿਅਕਤੀ ਨੇ ਮਦਦ ਮੰਗੀ ਉਸ ਦੀ ਅੰਗਰੇਜ਼ੀ ਚੰਗੀ ਨਹੀਂ ਸੀ ਅਤੇ ਉਸ ਨੇ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਟਵੀਟ ਕਰਕੇ ਸੁਸ਼ਮਾ ਸਵਰਾਜ ਕੋਲੋਂ ਮਦਦ ਦੀ ਅਪੀਲ ਕੀਤੀ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਸ ਦਾ ਮਜ਼ਾਕ ਅਤੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਕਿਸੇ ਯੂਜ਼ਰ ਨੇ ਲਿਖਿਆ ਕਿ ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਵਿਚ ਲਿੱਖ ਦਿੱਤਾ ਜਾਂ ਫਿਰ ਹਿੰਦੀ ਵਿਚ ਹੀ ਲਿੱਖ ਦਿੰਦਾ। ਉਥੇ ਹੀ ਇਸ ਸਭ ਦੇ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਾ ਸਿਰਫ ਉਸ ਵਿਅਕਤੀ ਨੂੰ ਮਦਦ ਦਾ ਭਰੋਸਾ ਦਿੱਤਾ ਸਗੋਂ ਉਸ ਦੀ ਟੁੱਟੀ-ਫੁੱਟੀ ਅੰਗਰੇਜ਼ੀ ਦਾ ਮਜ਼ਾਕ ਨਾ ਉਡਾ ਕੇ ਉਸ ਦੀ ਹੌਸਲਾ ਅਫਜ਼ਾਈ ਵੀ ਕੀਤੀ ਨਾਲ ਹੀ ਲਿਖਿਆ ਕਿ ਮੈਂ ਖੁਦ ਅੰਗਰੇਜ਼ੀ ਭਾਸ਼ਾ ਦੇ ਸਾਰੇ ਉਚਾਰਣ ਅਤੇ ਵਿਆਕਰਨ ਬਾਰੇ ਸਿੱਖਿਆ ਸੀ। ਸੁਸ਼ਮਾ ਸਵਰਾਜ ਦੇ ਇਸ ਵਰਤਾਓ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਕੁਵੈਤ ਵਿਚ ਫਸੀ ਮਹਿਲਾ ਦੀ ਮਦਦ ਕੀਤੀ ਸੀ, ਜਿਸ ਨਾਲ ਉਸ ਦੀ ਵਤਨ ਵਾਪਸੀ ਹੋਸਕੀ। ਉਹ ਏਜੰਟਸ ਦੇ ਚੁੰਗਲ ਵਿਚ ਫਸ ਕੇ ਉਥੇ ਨੌਕਰਾਨੀ ਵਾਂਗ ਕੰਮ ਕਰਦੀ ਸੀ। ਇਸ ਦੌਰਾਨ ਉਸ ਦੀ ਮਾਂ ਨੇ ਸੁਸ਼ਮਾ ਨੂੰ ਅਪੀਲ ਕੀਤੀ ਸੀ, ਜਿਸ ਮਗਰੋਂ ਕੁਵੈਤ ਸਥਿਤ ਭਾਰਤੀ ਸਫਾਰਤਖਾਨੇ ਨੇ ਮਹਿਲਾ ਨਾਲ ਸੰਪਰਕ ਕੀਤਾ ਅਤੇ ਹੁਣ ਉਹ ਆਪਣੇ ਦੇਸ਼ ਵਿਚ ਹੈ। ਇਥੇ ਆਉਣ ਤੋਂ ਬਾਅਦ ਮਹਿਲਾ ਨੇ ਮਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਧੰਨਵਾਦ ਕੀਤਾ ਸੀ।

Leave a Reply

Your email address will not be published. Required fields are marked *