ਡੋਨਾਲਡ ਟਰੰਪ ਨੇ ਇਥੋਪੀਅਨ ਜਹਾਜ਼ ਹਾਦਸੇ ਤੋਂ ਬਾਅਦ ਦਿੱਤੀ ਇਹ ਸਲਾਹ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਇੰਗ 737 ਮੈਕਸ ਜਹਾਜ਼ ਹਾਦਸੇ ਦੇ ਮੱਦੇਨਜ਼ਰ ਆਪਣੀ ਰਾਇ ਰੱਖਦੇ ਹੋਏ ਜਟਿਲ ਦੀ ਬਜਾਏ ਸਰਲ ਜਹਾਜ਼ ਬਣਾਉਣ ਦੀ ਸਲਾਹ ਦਿੱਤੀ ਹੈ ਤਾਂਕਿ ਵਿਗਿਆਨੀਆਂ ਦੀ ਬਜਾਏ ਪਾਇਲਟ ਉਨ੍ਹਾਂ ਨੂੰ ਉਡਾ ਸਕਣ। ਇਸ ਵਿਚਾਲੇ ਅਮਰੀਕੀ ਹਵਾਈ ਰੈਗੂਲੇਟਰ ਨੇ ਕਿਹਾ ਕਿ ਮੈਕਸ ਜਹਾਜ਼ਾਂ ਦੀ ਕਾਰਜ ਸਮਰਥਾ ਨੂੰ ਲੈ ਕੇ ਕੋਈ ਮਸਲਾ ਨਹੀਂ ਹੈ ਤੇ ਇਸ ਲਈ ਅਜੇ ਇਨ੍ਹਾਂ ‘ਤੇ ਪਾਬੰਦੀਆਂ ਲਗਾਉਣ ਦਾ ਕੋਈ ਅਧਾਰ ਨਹੀਂ ਹੈ।

ਟਰੰਪ ਨੇ ਇਕ ਟਵੀਟ ‘ਚ ਲਿੱਖਿਆ ਕਿ ਜਹਾਜ਼ ਉਡਾਉਣ ਦੇ ਲਿਹਾਜ਼ ਨਾਲ ਬਹੁਤ ਜਟਿਲ ਬਣਾਏ ਜਾਂਦੇ ਹਨ। ਹੁਣ ਇਨ੍ਹਾਂ ਨੂੰ ਉਡਾਉਣ ਲਈ ਪਾਇਲਟ ਨਹੀਂ ਐੱਮ.ਆਈ.ਟੀ. ਦੇ ਕੰਪਿਊਟਰ ਵਿਗਿਆਨੀਆਂ ਦੀ ਲੋੜ ਹੈ। ਹਰ ਉਤਪਾਦ ‘ਚ ਇਹ ਹੀ ਹੋ ਰਿਹਾ ਹੈ। ਅਕਸਰ ਪੁਰਾਣੇ ਤੇ ਸਰਲ ਡਿਜ਼ਾਇਨ ਜ਼ਿਆਦਾ ਬਿਹਤਰ ਹੁੰਦੇ ਹਨ, ਇਸ ਦੇ ਬਾਵਜੂਦ ਗੈਰ-ਲੋੜੀਂਦੇ ਕਦਮ ਚੁੱਕਣ ਦੀ ਕੋਸ਼ਿਸ਼ ਹੁੰਦੀ ਹੈ। ਇਹ ਵੱਡੀ ਲਾਗਤ ਦੇ ਨਾਲ ਕੀਤਾ ਜਾਂਦਾ ਹੈ ਜਦਕਿ ਇਸ ਨਾਲ ਫਾਇਦਾ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਨੇ ਲਿੱਖਿਆ ਕਿ ਮੈਂ ਆਪਣੇ ਪਾਇਲਟ ਦੇ ਰੂਪ ‘ਚ ਅਲਬਰਟ ਆਈਨਸਟਾਈਨ ਨੂੰ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਚੰਗੇ ਪੇਸ਼ੇਵਰ ਪਾਇਲਟ ਨੂੰ ਆਸਾਨੀ ਨਾਲ ਤੇ ਤੁਰੰਤ ਜਹਾਜ਼ ਨੂੰ ਕੰਟਰੋਲ ਕਰਨ ਦੀ ਆਗਿਆ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਪੰਜ ਮਹੀਨਿਆਂ ‘ਚ ਦੋ ਬੋਇੰਗ 737 ਮੈਕਸ ਜਹਾਜ਼ ਹਾਦਸਾਗ੍ਰਸਤ ਹੋਏ ਹਨ ਤੇ ਇਨ੍ਹਾਂ ਹਾਦਸਿਆਂ ਦੌਰਾਨ ਕੁਲ 346 ਲੋਕ ਮਾਰੇ ਗਏ ਹਨ। ਇੰਡੋਨੇਸ਼ੀਆ ‘ਚ ਬੀਤੇ ਅਕਤੂਬਰ ਮਹੀਨੇ ਲਾਈਨ ਏਅਰ ਦੇ ਜਹਾਜ਼ ਹਾਦਸੇ ‘ਚ ਚਾਲਕ ਦਲ ਦੇ ਮੈਂਬਰਾਂ ਸਣੇ 189 ਲੋਕ ਮਾਰੇ ਗਏ ਸਨ ਤੇ ਇਸ ਸਾਲ 10 ਮਾਰਚ ਨੂੰ ਵਾਪਰੇ ਇਥੋਪੀਅਨ ਏਅਰਲਾਈਨ ਦੇ ਜਹਾਜ਼ ਹਾਦਸੇ ‘ਚ ਚਾਲਕ ਦਲ ਦੇ ਮੈਂਬਰਾਂ ਸਣੇ 157 ਲੋਕਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *