ਇਥੋਪੀਆ ਜਹਾਜ਼ ਹਾਦਸਾ: ਜਾਂਚ ਲਈ ਵਿਦੇਸ਼ ਭੇਜਿਆ ਜਾਵੇਗਾ ਬਲੈਕ ਬਾਕਸ

ਹੇਜੇਰੇ— ਇਥੋਪੀਆ ‘ਚ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਹਾਦਸੇ ਦਾ ਸ਼ਿਕਾਰ ਬੋਇੰਗ ਜਹਾਜ਼ ਦਾ ਬਲੈਕ ਬਾਕਸ ਜਾਂਚ ਲਈ ਵਿਦੇਸ਼ ਭੇਜਿਆ ਜਾਵੇਗਾ ਪਰੰਤੂ ਅਜੇ ਇਹ ਤੈਅ ਨਹੀਂ ਹੋਇਆ ਕਿ ਇਸ ਨੂੰ ਕਿਥੇ ਭੇਜਿਆ ਜਾਵੇਗਾ। ਇਥੋਪੀਅਨ ਏਅਰਲਾਈਨ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਇਹ ਬਿਆਨ ਅਜਿਹੇ ਵੇਲੇ ‘ਚ ਦਿੱਤਾ ਜਦੋਂ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਜਹਾਜ਼ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ।

ਬੁਲਾਰੇ ਅਸਰਤ ਬੇਹਾਸ਼ੋ ਨੇ ਇੰਟਰਵਿਊ ‘ਚ ਕਿਹਾ ਕਿ ਸਾਡੇ ਕੋਲ ਜਹਾਜ਼ ਦੇ ਆਖਰੀ ਵੇਲੇ ਦਾ ਡਾਟਾ ਤੇ ਆਵਾਜ਼ ਰਿਕਾਰਡਿੰਗ ਨੂੰ ਲੈ ਕੇ ਕਈ ਵਿਕਲਪ ਹਨ ਪਰੰਤੂ ਸਾਡੇ ਕੋਲ ਇਥੇ ਇਥੋਪੀਆ ‘ਚ ਇਸ ਦੀ ਜਾਂਚ ਦੀ ਸਮਰਥਾ ਨਹੀਂ ਹੈ। ਜ਼ਿਕਰਯੋਗ ਹੈ ਕਿ ਬੋਇੰਗ 737 ਮੈਕਸ8 ਜਹਾਜ਼ ਐਤਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨਾਲ ਇਸ ‘ਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ। ਬੀਤੇ ਪੰਜ ਮਹੀਨਿਆਂ ‘ਚ ਮੈਕਸ ਜਹਾਜ਼ ਨਾਲ ਜੁੜਿਆ ਇਹ ਦੂਜਾ ਵੱਡਾ ਮਾਮਲਾ ਹੈ। ਕੁਝ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ‘ਚ ਕਈ ਮਹੀਨੇ ਲੱਗ ਸਕਦੇ ਹਨ।

ਇਥੋਪੀਅਨ ਏਅਰਲਾਈਨਸ ਬੁਲਾਰੇ ਅਸਰਤ ਨੇ ਕਿਹਾ ਕਿ ਅਜੇ ਤੱਕ ਬਰਾਮਦ ਮ੍ਰਿਤਕਾਂ ਦੇ ਸਰੀਰ ਦੇ ਹਿੱਸਿਆਂ ਨੂੰ ਫ੍ਰੀਜ਼ਰ ‘ਚ ਰੱਖਿਆ ਗਿਆ ਹੈ ਪਰੰਤੂ ਉਨ੍ਹਾਂ ਦੀ ਪਛਾਣ ਲਈ ਫਾਰੇਂਸਿਕ ਡੀ.ਐੱਨ.ਏ. ਜਾਂਚ ਦਾ ਕੰਮ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ।

Leave a Reply

Your email address will not be published. Required fields are marked *