ਅਮਰੀਕੀ ਦਬਾਅ ਕਾਰਨ ਅਭਿਨੰਦਨ ਨੂੰ ਰਿਹਾਅ ਕਰਨ ਲਈ ਮਜਬੂਰ ਹੋਇਆ ਸੀ ਪਾਕਿ

ਵਾਸ਼ਿੰਗਟਨ, (ਇੰਟ.)– 27 ਫਰਵਰੀ ਨੂੰ ਪਾਕਿਸਤਾਨੀ ਏਅਰਫੋਰਸ ਨਾਲ ਡਾਗਫਾਈਟ ਵਿਚ ਐੱਫ-16 ਨੂੰ ਡੇਗਣ ਵਾਲੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਪਾਕਿਸਤਾਨ ਨੇ ਫੜ ਲਿਆ ਸੀ। ਹੁਣ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੂੰ ਛੁਡਵਾਉਣ ਲਈ ਅਮਰੀਕਾ ਨੇ ਪਾਕਿਸਤਾਨ ਦੀ ਫੌਜ ‘ਤੇ ਦਬਾਅ ਪਾਇਆ ਸੀ। ਇਸ ਕਾਰਨ ਅਭਿਨੰਦਨ ਨੂੰ 60 ਘੰਟਿਆਂ ਅੰਦਰ ਹੀ ਰਿਹਾਅ ਕਰ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਅਮਰੀਕਾ ਨੇ ਇਸ ਮੰਤਵ ਲਈ ਉੱਚ ਪੱਧਰੀ ਫੌਜੀ ਚੈਨਲਾਂ ਰਾਹੀਂ ਪਾਕਿਸਤਾਨ ਦੀ ਫੌਜ ਨਾਲ ਸੰਪਰਕ ਕੀਤਾ ਸੀ। ਪਾਕਿਸਤਾਨ ਨੂੰ ਇਹ ਗੱਲ ਸਪੱਸ਼ਟ ਦੱਸ ਦਿੱਤੀ ਗਈ ਸੀ ਕਿ ਮੌਜੂਦਾ ਖਿਚਾਅ ਘੱਟ ਕਰਨ ਲਈ ਅਭਿਨੰਦਨ ਨੂੰ ਰਿਹਾਅ ਕਰਨਾ ਇਕ ਵਧੀਆ ਉਪਾਅ ਹੈ।
ਕੀ ਹੈ ਸੈਂਟਰਲ ਕਮਾਂਡ (ਸੈੱਟਕਾਮ)
ਅਮਰੀਕਾ ਦੀ ਸੈਂਟਰਲ ਕਮਾਂਡ (ਸੈੱਟਕਾਮ) ਯੂ. ਐੱਸ. ਅਤੇ ਪਾਕਿਸਤਾਨ ਦਰਮਿਆਨ ਫੌਜੀ ਸਹਿਯੋਗ ਦਾ ਮੁੱਖ ਚੈਨਲ ਹੈ। ਇਸ ਕਮਾਂਡ ਕੋਲ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਫੌਜੀ ਆਪ੍ਰੇਸ਼ਨ ਕਰਨ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਇਹ ਮੌਜੂਦਾ ਸਮੇਂ ਵਿਚ ਤਾਲਿਬਾਨ ਨਾਲ ਡਿਪਲੋਮੈਟਿਕ ਯਤਨਾਂ ਰਾਹੀਂ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਵਿਚ ਜੁਟੀ ਹੋਈ ਹੈ।
2 ਅਮਰੀਕੀ ਅਧਿਕਾਰੀਆਂ ਨੇ ਸੰਭਾਲੀ ਸੀ ਗੱਲਬਾਤ ਦੀ ਜ਼ਿੰਮੇਵਾਰੀ
ਅਮਰੀਕਾ ਵਲੋਂ ਗੱਲਬਾਤ ਦੀ ਜ਼ਿੰਮੇਵਾਰੀ 2 ਅਧਿਕਾਰੀਆਂ ਕਮਾਂਡਰ ਜਨਰਲ ਜੋਸਿਫ ਮੋਟਲ ਅਤੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਸੰਭਾਲੀ ਸੀ। ਉਨ੍ਹਾਂ ਭਾਰਤ ਵਿਚ ਆਪਣੇ ਹਮ ਅਹੁਦਾ ਅਜੀਤ ਡੋਭਾਲ ਨਾਲ ਬਾਕਾਇਦਾ ਸੰਪਰਕ ਬਣਾਇਆ ਹੋਇਆ ਸੀ। ਪਾਕਿਸਤਾਨੀ ਫੌਜ ਨਾਲ ਜੋਸਿਫ ਮੋਟਲ ਗੱਲਬਾਤ ਕਰ ਰਹੇ ਸਨ।

Leave a Reply

Your email address will not be published. Required fields are marked *