ਅਤੀਤ ਨੂੰ ਯਾਦ ਕਰਵਾਏਗੀ ਗਗਨ ਕੋਕਰੀ ਤੇ ਯੁਵਰਾਜ ਹੰਸ ਦੀ ‘ਯਾਰਾ ਵੇ’

ਜਲੰਧਰ (ਬਿਊਰੋ) — ਇੰਨ੍ਹੀਂ ਦਿਨੀਂ ਮਸ਼ਹੂਰ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਆਉਣ ਵਾਲੀ ਪੰਜਾਬੀ ਫਿਲਮ ‘ਯਾਰਾ ਵੇ’ ਦਾ ਕ੍ਰੇਜ ਲੋਕਾਂ ‘ਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਬੀਤੇ ਦਿਨੀਂ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੇ ਦਰਸ਼ਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਨੂੰ ਹੋਰ ਵੀ ਵਧਾ ਦਿੱਤਾ ਹੈ। ਲੋਕਾਂ ਵਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ ‘ਚ ਗਗਨ ਕੋਕਰੀ ਤੇ ਯੁਵਰਾਜ ਹੰਸ ਮੁੱਖ ਭੂਮਿਕਾ ‘ਚ ਹਨ। ਇਨ੍ਹਾਂ ਤੋਂ ਇਲਾਵਾ ‘ਯਾਰਾ ਵੇ’ ‘ਚ ਰਘਬੀਰ ਬੋਲੀ ਤੇ ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਨੇ ਮੁੱਖ ਭੂਮਿਕਾ ਨਿਭਾਈ ਹੈ।

ਦੱਸ ਦਈਏ ਕਿ ‘ਯਾਰਾ ਵੇ’ ਫਿਲਮ ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ-ਨਾਲ ਅਤੀਤ ਦਾ ਸਫਰ ਵੀ ਕਰਵਾਏਗੀ। ‘ਯਾਰਾ ਵੇ’ ਫਿਲਮ ਪਿਆਰ ਦੇ ਉਨ੍ਹਾਂ ਰਿਸ਼ਤਿਆਂ-ਨਾਤਿਆਂ ਨੂੰ ਵੀ ਪੇਸ਼ ਕਰੇਗੀ, ਜੋ ਹਰ ਬੰਦੇ ਦੀ ਜ਼ਿੰਦਗੀ ‘ਚ ਅਹਿਮ ਹੁੰਦੇ ਹਨ। ਰੋਮਾਂਸ, ਡਰਾਮਾ ਅਤੇ ਕਾਮੇਡੀ ਦਾ ਸੁਮੇਲ ਇਹ ਫਿਲਮ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ। ਪੀਰੀਅਡ ਫਿਲਮ ਹੋਣ ਕਾਰਨ ਇਸ ਦੇ ਹਰ ਪਹਿਲੂ ‘ਤੇ ਬੇਹੱਦ ਧਿਆਨ ਰੱਖਿਆ ਗਿਆ ਹੈ।

ਦੱਸਣਯੋਗ ਹੈ ਕਿ ‘ਗੋਰਡਨ ਬ੍ਰਿਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ, ਜਿਨ੍ਹਾਂ ਨੂੰ ਪੰਜਾਬੀ ਤੇ ਹਿੰਦੀ ਸਿਨੇਮੇ ਨਾਲ ਬੇਹੱਦ ਮੁਹੱਬਤ ਹੈ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ, ਜਿਨ੍ਹਾਂ ਦਾ ਨਿਰਦੇਸ਼ਨ ਖੇਤਰ ਵਿਚ ਚੋਖਾ ਤਜਰਬਾ ਹੈ।

ਬਤੌਰ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਰਾਕੇਸ਼ ਮਹਿਤਾ ‘ਵਾਪਸੀ’ ਅਤੇ ‘ਰੰਗ ਪੰਜਾਬ’ ਵਰਗੀਆਂ ਪੰਜਾਬੀ ਫਿਲਮਾਂ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ‘ਯਾਰਾ ਵੇ’ ਫਿਲਮ 5 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *