ਅੱਤਵਾਦ ਦਾ ਸੰਤਾਪ ਝੇਲ ਚੁੱਕੇ ਪੰਜਾਬ ਨੂੰ ਕੇਂਦਰ ਦੇ ਸਹਿਯੋਗ ਦੀ ਲੋੜ : ਜਾਖੜ

ਜਲੰਧਰ (ਧਵਨ) : ਪੰਜਾਬ ਦੇ ਦੌਰੇ ‘ਤੇ ਆਏ ਹੋਏ 15ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਦਯੋਗਾਂ ਦੀ ਮਜ਼ਬੂਤੀ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ. ਕੇ. ਸਿੰਘ ਸਮੇਤ ਹੋਰਨਾਂ ਮੈਂਬਰਾਂ ਨਾਲ ਜਾਖੜ ਨੇ ਬੁੱਧਵਾਰ ਮੁਲਾਕਾਤ ਕੀਤੀ। ਜਾਖੜ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਨੇ ਲੰਬੇ ਸਮੇਂ ਤਕ ਅੱਤਵਾਦ ਦਾ ਸੰਤਾਪ ਝੱਲਿਆ ਹੈ। ਅੱਤਵਾਦ ਦੇ ਦੌਰ ‘ਚ ਸਰਹੱਦੀ ਖੇਤਰਾਂ ਤੋਂ ਉਦਯੋਗ ਹਿਜਰਤ ਕਰਕੇ ਹੋਰਨਾਂ ਸੂਬਿਆਂ ‘ਚ ਚਲੇ ਗਏ। ਉਦਯੋਗਾਂ ਦਾ ਪੱਧਰ ਉੱਚਾ ਚੁੱਕਣ ਲਈ ਕੇਂਦਰ ਨੂੰ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।

ਜਾਖੜ ਨੇ ਜਦੋਂ ਉਕਤ ਮਾਮਲੇ ਉਠਾਏ ਤਾਂ ਉਨ੍ਹਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਅਮਿਤ ਵਿੱਜ ਵੀ ਸਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਮਿਲੇ ਹੋਏ ਹਨ। ਇਨ੍ਹਾਂ ਗੁਆਂਢੀ ਸੂਬਿਆਂ ‘ਚ ਉਦਯੋਗ ਸਥਾਪਿਤ ਕਰਨ ‘ਤੇ ਟੈਕਸਾਂ ‘ਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਪੰਜਾਬ ਵਰਗੇ ਸਰਹੱਦੀ ਸੂਬੇ ਦੇ ਉਦਯੋਗੀਕਰਨ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਗੁਰਦਾਸਪੁਰ ਦੀ ਚਰਚਾ ਕਰਦਿਆਂ ਜਾਖੜ ਨੇ ਕਿਹਾ ਕਿ ਇਥੇ ਵੀ ਨਵੇਂ ਉਦਯੋਗ ਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਕਲਾਨੌਰ ਵਿਖੇ 1000 ਏਕੜ ਜ਼ਮੀਨ ਸੂਬਾ ਸਰਕਾਰ ਨਵੀਂ ਇੰਡਸਟਰੀ ਲਾਉਣ ਦੇਣ ਲਈ ਤਿਆਰ ਹੈ ਪਰ ਕੇਂਦਰ ਨੂੰ ਵੀ ਇਸ ‘ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਟਾਲਾ ਉਦਯੋਗਿਕ ਪੱਖੋਂ ਪੱਛੜ ਗਿਆ ਹੈ। ਇਥੇ ਵੀ ਇੰਡਸਟਰੀ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਐੱਸ. ਸੀ. ਬੱਚਿਆਂ ਦੇ ਵਜ਼ੀਫੇ ਦਾ ਮਾਮਲਾ ਉਠਾਉਂਦਿਆਂ ਜਾਖੜ ਨੇ ਕਿਹਾ ਕਿ ਕੇਂਦਰ ਨੇ ਅਜੇ ਤਕ ਇਸ ਲਈ ਲੋੜੀਂਦੀ ਰਕਮ ਜਾਰੀ ਨਹੀਂ ਕੀਤੀ।

Leave a Reply

Your email address will not be published. Required fields are marked *