ਅਮਰਿੰਦਰ ਗਿੱਲ ਤੇ ਦਿਲਜੀਤ ਦੋਸਾਂਝ ਨੇ ਮਿਲਾਇਆ ਹੱਥ

ਜਲੰਧਰ (ਬਿਊਰੋ) — ਪੰਜਾਬੀ ਸਿਨੇਮੇ ਵਿਚ ਭਰੋਸੇ ਦੇ ਪ੍ਰਤੀਕ ‘ਰਿਦਮ ਬੁਆਏਜ਼’ ਬੈਨਰ, ਜਿਨ੍ਹਾਂ ਵੱਲੋਂ ਰਿਲੀਜ਼ ਹੁਣ ਤੱਕ ਸਾਰੀਆਂ ਹੀ ਫ਼ਿਲਮਾਂ ਨੇ ਰਿਕਾਰਡਤੋੜ ਕਾਮਯਾਬੀ ਹਾਸਲ ਕੀਤੀ ਹੈ, ਵੱਲੋਂ ਅਗਲੀ ਪੁਲਾਂਘ ਪੁੱਟਦਿਆਂ ਦਿਲਜੀਤ ਦੋਸਾਂਝ ਨਾਲ ਹੱਥ ਮਿਲਾਇਆ ਗਿਆ ਹੈ। ‘ਰਿਦਮ ਬੁਆਏਜ਼’ ਅਤੇ ਦਿਲਜੀਤ ਵੱਲੋਂ ਮਿਲ ਕੇ ਅਗਲੀ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫਿਲਮ ਦਾ ਨਾਂ ‘ਜੋੜੀ’ ਹੈ, ਜਿਸ ਵਿਚ ਮੁੱਖ ਅਦਾਕਾਰ ਦੇ ਤੌਰ ‘ਤੇ ਦਿਲਜੀਤ ਦੋਸਾਂਝ ਨਜ਼ਰ ਆਉਣਗੇ। ਫਿਲਮ ਵਿਚ ਪੰਜਾਬੀ ਸਿਨੇਮਾ ਜਗਤ ਦੇ ਕਈ ਹੋਰ ਵੱਡੇ ਨਾਂ ਸ਼ਾਮਲ ਹਨ। ਆਉਂਦੇ ਦਿਨਾਂ ਵਿਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।
‘ਜੋੜੀ’ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਵੱਲੋਂ ਕੀਤਾ ਜਾਵੇਗਾ। ਇਸ ਫ਼ਿਲਮ ਦੇ ਨਿਰਮਾਤਾਵਾਂ ਵਿਚ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ ਅਤੇ ਕਾਰਜ ਗਿੱਲ ਸ਼ਾਮਲ ਹਨ। ਫ਼ਿਲਮ ਵਿਚ ਮਨੋਰੰਜਨ ਦੇ ਸਾਰੇ ਰੰਗ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਦੋਹਾਂ ਬੈਨਰਾਂ ਵੱਲੋਂ ਇਕੱਠੇ ਹੋ ਕੇ ਫ਼ਿਲਮ ਦਾ ਨਿਰਮਾਣ ਕਰਨਾ ਜਿੱਥੇ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਹੈ, ਉਥੇ ਦਰਸ਼ਕਾਂ ਦੀ ਕਸਵੱਟੀ ‘ਤੇ ਸੌ ਫ਼ੀਸਦੀ ਖਰੇ ਉਤਰਨ ਦਾ ਤਰੀਕਾ ਵੀ ਹੈ। ਦਿਲਜੀਤ ਦਾ ਪੰਜਾਬੀ ਸਿਨੇਮੇ ਵਿਚ ਵੱਡਾ ਨਾਂ ਹੈ, ਉਸੇ ਤਰ੍ਹਾਂ ‘ਰਿਦਮ ਬੁਆਏਜ਼’ ਦੀਆਂ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਸੁਪਰਹਿੱਟ ਹੋ ਚੁੱਕੀਆਂ ਹਨ।

ਦੱਸਣਾ ਬਣਦਾ ਹੈ ਕਿ ਪੰਜਾਬੀ ਸਿਨੇਮੇ ਵਿਚ ਕਾਰਜ ਗਿੱਲ ਤੇ ਅਮਰਿੰਦਰ ਗਿੱਲ ਦੇ ਬੈਨਰ ਵੱਲੋਂ ‘ਅਰਦਾਸ’, ‘ਗੋਰਿਆਂ ਨੂੰ ਦਫ਼ਾ ਕਰੋ’, ‘ਲਵ ਪੰਜਾਬ’, ‘ਅਸ਼ਕੇ’, ‘ਵੇਖ ਬਰਾਤਾਂ ਚੱਲੀਆਂ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਰਗੀਆਂ ਸਫ਼ਲ ਫ਼ਿਲਮਾਂ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਦਿਲਜੀਤ ਦੀ ਅਦਾਕਾਰੀ ਵਾਲੀਆਂ ਸਾਰੀਆਂ ਫਿਲਮਾਂ ਨੇ ਕਾਮਯਾਬੀ ਦੀ ਨਵੀਂ ਇਬਾਰਤ ਲਿਖੀ ਹੈ। ਦਰਸ਼ਕਾਂ ਵਿਚ ਇਸ ਗੱਲ ਦੀ ਉਡੀਕ ਹੈ ਕਿ ‘ਜੋੜੀ’ ਫ਼ਿਲਮ ਵਿਚ ਵੱਖਰਾ ਕੀ ਹੋਵੇਗਾ।

Leave a Reply

Your email address will not be published. Required fields are marked *