ਰਾਖਵਾਂਕਰਨ ਤਾਂ ਦੇ ਦਿੱਤਾ, ਕਿੱਥੇ ਹਨ ਨੌਕਰੀਆਂ : ਸ਼ਿਵ ਸੈਨਾ

ਮੁੰਬਈ— ਜਨਰਲ ਵਰਗ ਦੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਨੂੰ ਸੰਸਦ ਦੇ ਦੋਹਾਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਲੋਂ ਮਨਜ਼ੂਰੀ ਮਿਲਣ ਦੇ ਇਕ ਦਿਨ ਬਾਅਦ ਸ਼ਿਵ ਸੈਨਾ ਨੇ ਵੀਰਵਾਰ ਨੂੰ ਹੈਰਾਨੀ ਜ਼ਾਹਰ ਕੀਤੀ ਕਿ ਨੌਕਰੀਆਂ ਕਿੱਥੋਂ ਆਉਣਗੀਆਂ? ਪਾਰਟੀ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਇਹ ਇਕ ਚੋਣਾਵੀ ਚਾਲ ਹੈ ਤਾਂ ਇਹ ਮਹਿੰਗਾ ਸਾਬਤ ਹੋਵੇਗਾ। ਸ਼ਿਵ ਸੈਨਾ ਨੇ ਕਿਹਾ ਕਿ ਮਰਾਠਾ ਭਾਈਚਾਰੇ ਨੂੰ ਵੀ ਮਹਾਰਾਸ਼ਟਰ ਵਿਚ ਰਾਖਵਾਂਕਰਨ ਦਿੱਤਾ ਗਿਆ ਹੈ ਪਰ ਸਵਾਲ ਅਜੇ ਵੀ ਇਹ ਹੀ ਬਣਿਆ ਹੋਇਆ ਹੈ ਕਿ ਨੌਕਰੀਆਂ ਕਿੱਥੇ ਹਨ? ਸੰਸਦ ਨੇ ਬੁੱਧਵਾਰ ਨੂੰ ਆਮ ਵਰਗ ਦੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਵਿਚ 10 ਫੀਸਦੀ ਰਾਖਵਾਂਕਰਨ ਦੇਣ ਦੀ ਵਿਵਸਥਾ ਵਾਲੇ ਇਤਿਹਾਸਕ ਸੰਵਿਧਾਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ।

ਸ਼ਿਵ ਸੈਨਾ ਨੇ ਕਿਹਾ ਹੈ, ”ਜਦੋਂ ਸੱਤਾ ਵਿਚ ਬੈਠੇ ਲੋਕ ਰੋਜ਼ਗਾਰ ਅਤੇ ਗਰੀਬੀ ਦੋਹਾਂ ਮੋਰਚਿਆਂ ‘ਤੇ ਅਸਫਲ ਹੁੰਦੇ ਹਨ ਤਾਂ ਉਹ ਰਾਖਵਾਂਕਰਨ ਦਾ ਕਾਰਡ ਖੇਡਦੇ ਹਨ। ਇਸ ਵਿਚ ਪੁੱਛਿਆ ਗਿਆ, ”ਜੇਕਰ ਇਹ ਵੋਟ ਲਈ ਲਿਆ ਗਿਆ ਫੈਸਲਾ ਹੈ ਤਾਂ ਇਹ ਮਹਿੰਗਾ ਸਾਬਤ ਹੋਵੇਗਾ। 10 ਫੀਸਦੀ ਰਾਖਵਾਂਕਰਨ ਤੋਂ ਬਾਅਦ ਰੋਜ਼ਗਾਰ ਦਾ ਕੀ ਹੋਵੇਗਾ? ਨੌਕਰੀ ਕਿੱਥੋਂ ਮਿਲੇਗੀ? ਸ਼ਿਵ ਸੈਨਾ ਨੇ ਕਿਹਾ ਕਿ ਭਾਰਤ ਵਿਚ 15 ਸਾਲ ਤੋਂ ਵਧ ਉਮਰ ਦੇ ਲੋਕਾਂ ਦੀ ਆਬਾਦੀ ਹਰ ਮਹੀਨੇ 13 ਲੱਖ ਰਹੀ ਹੈ। 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਨੌਕਰੀ ਦੇਣਾ ਅਪਰਾਧ ਹੈ ਪਰ ਬਾਲ ਮਜ਼ਦੂਰੀ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਉੱਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੇਂਦਰ ਅਤੇ ਮਹਾਰਾਸ਼ਟਰ ਦੋਹਾਂ ਥਾਂ ਸੱਤਾਧਾਰੀ ਭਾਜਪਾ ਦੀ ਗਠਜੋੜ ਸਹਿਯੋਗੀ ਹੈ। ਦੇਸ਼ ਵਿਚ ਰੋਜ਼ਗਾਰ ਦੀ ਦਰ ਨੂੰ ਸੰਤੁਲਿਤ ਬਣਾ ਕੇ ਰੱਖਣ ਲਈ ਹਰ ਸਾਲ 80 ਤੋਂ 90 ਲੱਖ ਨਵੇਂ ਰੋਜ਼ਗਾਰ ਦੀ ਲੋੜ ਹੈ ਪਰ ਇਹ ਗਣਿਤ ਕੁਝ ਸਮੇਂ ਤੋਂ ਵਿਗੜਿਆ ਹੈ। ਪਿਛਲੇ ਦੋ ਸਾਲਾਂ ਵਿਚ ਨੌਕਰੀ ਦੇ ਮੌਕੇ ਵਧਣ ਦੀ ਬਜਾਏ ਘੱਟ ਹੋਏ ਹਨ ਅਤੇ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕੀਤੇ ਜਾਣ ਕਾਰਨ ਕਰੀਬ 1.5 ਕਰੋੜ ਤੋਂ ਲੈ ਕੇ 2 ਕਰੋੜ ਨੌਕਰੀਆਂ ਗਈਆਂ ਹਨ। ਨੌਜਵਾਨਾਂ ‘ਚ ਲਾਚਾਰੀ ਦੀ ਭਾਵਨਾ ਹੈ।

ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ 2018 ਵਿਚ ਰੇਲਵੇ ਵਿਚ 90 ਲੱਖ ਨੌਕਰੀਆਂ ਲਈ 2.8 ਕਰੋੜ ਲੋਕਾਂ ਨੇ ਬੇਨਤੀ ਕੀਤੀ। ਇਸ ਤੋਂ ਇਲਾਵਾ ਮੁੰਬਈ ਪੁਲਸ ਵਿਚ 1,137 ਅਹੁਦਿਆਂ ਲਈ 4 ਲੱਖ ਤੋਂ ਵਧ ਲੋਕਾਂ ਨੇ ਬੇਨਤੀ ਕੀਤੀ ਅਤੇ ਕਈ ਬਿਨੈਕਾਰ ਜ਼ਰੂਰੀ ਯੋਗਤਾ ਤੋਂ ਵਧ ਸਿੱਖਿਅਕ ਯੋਗਤਾ ਰੱਖਦੇ ਹਨ। ਇਸ ‘ਤੇ ਸ਼ਿਵ ਸੈਨਾ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸਰਕਾਰ ਦੇ 10 ਫੀਸਦੀ ਰਾਖਵਾਂਕਰਨ ਤੋਂ ਬਾਅਦ ਕੀ ਯੋਗ ਨੌਜਵਾਨ ਕੁਝ ਹਾਸਲ ਕਰ ਸਕਣਗੇ? ਨੌਜਵਾਨਾਂ ਨੂੰ ਪਕੌੜੇ ਤਲ੍ਹਣ ਦੀ ਸਲਾਹ ਦੇਣ ਵਾਲੇ ਪ੍ਰਧਾਨ ਮੰਤਰੀ ਨੂੰ ਆਖਰਕਾਰ ਆਰਥਿਕ ਰੂਪ ਨਾਲ ਪਿਛੜੇ ਵਰਗਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣਾ ਪਿਆ।

Leave a Reply

Your email address will not be published. Required fields are marked *