ਪੀ. ਐੱਮ. ਮੋਦੀ ਦੇ ਉਹ ਵੱਡੇ ਫੈਸਲੇ, ਜਿਸ ਕਾਰਨ ਸੋਚਾਂ ‘ਚ ਪਏ ਲੋਕ

ਨਵੀਂ ਦਿੱਲੀ— ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦਾ ਡੰਕਾ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਵੱਜਦਾ ਹੈ। ਪ੍ਰਧਾਨ ਮੰਤਰੀ ਦਾ ਪੂਰਾ ਨਾਂ ਨਰਿੰਦਰ ਦਾਮੋਦਰਦਾਸ ਮੋਦੀ ਹੈ। ਮੋਦੀ 2001 ਤੋਂ 2014 ਤਕ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਆਪਣੇ ਦਿਲ ਖਿੱਚਵੇਂ ਭਾਸ਼ਣ ਅਤੇ ਕੰਮਾਂ ਕਰ ਕੇ ਮੋਦੀ ਨੂੰ ਲੋਕ ਪਸੰਦ ਕਰਦੇ ਹਨ। ਅਸਲ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਹੀ ਕੁਝ ਅਜਿਹੀ ਹੈ ਕਿ ਉਨ੍ਹਾਂ ਨੇ ਅਚਾਨਕ ਵੱਡੇ ਫੈਸਲੇ ਲੈ ਕੇ ਹਰ ਇਕ ਨੂੰ ਹੈਰਾਨ ਕੀਤਾ ਹੈ। ਅੱਜ ਅਸੀਂ ਮੋਦੀ ਜੀ ਦੇ ਅਚਾਨਕ ਲਏ ਫੈਸਲਿਆਂ ਬਾਰੇ ਦੱਸਾਂਗੇ, ਜਿਸ ਨਾਲ ਆਮ ਜਨਤਾ ਵੀ ਹਿੱਲੀ ਅਤੇ ਮੰਤਰੀ ਵੀ ਦੰਗ ਰਹਿ ਗਏ। ਆਓ ਜਾਣਦੇ ਹਾਂ ਮੋਦੀ ਦੇ ਹੈਰਾਨ ਕਰਦੇ ਫੈਸਲਿਆਂ ਬਾਰੇ—

ਨੋਟਬੰਦੀ— ਪੀ. ਐੱਮ. ਮੋਦੀ ਵਲੋਂ ਲਿਆ ਗਿਆ ਸਭ ਤੋਂ ਵੱਡਾ ਅਤੇ ਅਹਿਮ ਫੈਸਲਾ ਸੀ ‘ਨੋਟਬੰਦੀ’। ਨੋਟਬੰਦੀ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਹਿੱਲਾ ਕੇ ਰੱਖ ਦਿੱਤਾ ਜਾਂ ਇੰਝ ਕਹਿ ਲਿਆ ਜਾਵੇ ਕਿ ਅਜਿਹੇ ਫੈਸਲੇ ਨੇ ਲੋਕਾਂ ਨੂੰ ਝਟਕਾ ਦਿੱਤਾ। 8 ਨਵੰਬਰ 2016 ਨੂੰ ਰਾਤ ਕਰੀਬ 8 ਵਜੇ ਮੋਦੀ ਨੇ ਅਚਾਨਕ ਨੋਟਬੰਦੀ ਦਾ ਐਲਾਨ ਕਰ ਦਿੱਤਾ। ਨੋਟਬੰਦੀ ਕਾਰਨ 500 ਅਤੇ 1000 ਰੁਪਏ ਦੇ ਨੋਟਾਂ ਨੂੰ ਉਸੇ ਰਾਤ 12 ਵਜੇ ਤੋਂ ਬਾਅਦ ਨਹੀਂ ਚੱਲਣਗੇ, ਅਜਿਹਾ ਐਲਾਨ ਕਰ ਦਿੱਤਾ ਗਿਆ। ਦਰਅਸਲ ਮੋਦੀ ਨੇ ਅਜਿਹਾ ਕਾਲੇ ਧਨ ਨੂੰ ਬਾਹਰ ਕੱਢਣ ਲਈ ਕੀਤਾ ਸੀ। ਖਾਸ ਤੌਰ ‘ਤੇ ਮੋਦੀ ਨੇ ਇਸ ਬਾਰੇ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਾਫ ਕੀਤਾ ਸੀ ਕਿ ਇਹ ਝਟਕਾ ਨਹੀਂ ਸੀ, ਸਗੋਂ ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਸੀ ਕਿ ਜੇਕਰ ਕਾਲਾ ਧਨ ਹੈ ਤਾਂ ਉਸ ਨੂੰ ਬਾਹਰ ਕੱਢਿਆ ਜਾਵੇ।

ਮੋਦੀ ਦਾ ਦੂਜਾ ਵੱਡਾ ਫੈਸਲਾ ਸਰਜੀਕਲ ਸਟਰਾਈਕ ਸੀ। ਇਹ ਸਰਜੀਕਲ ਸਟਰਾਈਕ 29 ਸਤੰਬਰ 2016 ਦੀ ਰਾਤ ਨੂੰ ਕੀਤੀ ਗਈ। ਦਰਅਸਲ ਗੁਆਂਢੀ ਦੇਸ਼ ਪਾਕਿਸਤਾਨ ਵਲੋਂ 18 ਸਤੰਬਰ 2016 ਨੂੰ ਜੰਮੂ-ਕਸ਼ਮੀਰ ਦੇ ਉੜੀ ਹਮਲੇ ‘ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ। ਉਸੇ ਦੇ ਜਵਾਬ ‘ਚ ਭਾਰਤ ਵਲੋਂ ਪਾਕਿਸਤਾਨ ‘ਤੇ ਸਰਜੀਕਲ ਸਟਰਾਈਕ ਕੀਤੀ ਗਈ ਸੀ। 29 ਸਤੰਬਰ ਦੀ ਰਾਤ ਨੂੰ ਫੌਜੀਆਂ ਨੇ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਦੇ ਲਾਂਚ ਪੈਡ ਨਸ਼ਟ ਕਰ ਦਿੱਤੇ ਸਨ। ਪਾਕਿਸਤਾਨ ਦੀ ਜ਼ਮੀਨ ‘ਤੇ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ ਗਿਆ ਸੀ। ਮੋਦੀ ਨੇ ਇੰਟਰਵਿਊ ‘ਚ ਸਾਫ ਕੀਤਾ ਸੀ ਕਿ ਉਹ ਬਹੁਤ ਗੁੱਸੇ ਵਿਚ ਸਨ। ਫੌਜੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਸਰਜੀਕਲ ਸਟਰਾਈਕ ਦਾ ਫੈਸਲਾ ਕੀਤਾ।
25 ਦਸੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਗਾਨਿਸਤਾਨ ਤੋਂ ਪਰਤ ਰਹੇ ਸਨ ਅਤੇ ਅਚਾਨਕ ਉਨ੍ਹਾਂ ਦੇ ਪਾਕਿਸਤਾਨ ਪਹੁੰਚਣ ਦੀਆਂ ਖਬਰਾਂ ਟੀ. ਵੀ. ‘ਤੇ ਆ ਗਈਆਂ। ਲਾਹੌਰ ਜਾ ਕੇ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਸਨ। ਇੱਥੇ ਦੱਸ ਦੇਈਏ ਕਿ 25 ਦਸੰਬਰ ਨੂੰ ਨਵਾਜ਼ ਸ਼ਰੀਫ ਦਾ ਜਨਮ ਦਿਨ ਹੁੰਦਾ ਹੈ। ਮੋਦੀ ਦਾ ਅਚਾਨਕ ਪਾਕਿਸਤਾਨ ਜਾਣਾ ਹਰ ਇਕ ਲਈ ਹੈਰਾਨੀ ਵਾਲੀ ਗੱਲ ਸੀ।
ਪੀ. ਐੱਮ. ਦੇ ਕਾਰਜਕਾਲ ਨੂੰ ਸਾਢੇ 4 ਸਾਲ ਬੀਤ ਗਏ ਹਨ, ਇਸ ਦੌਰਾਨ ਜੋ ਫੈਸਲੇ ਲਈ ਗਏ, ਉਨ੍ਹਾਂ ‘ਚੋਂ ਸਭ ਤੋਂ ਅਹਿਮ ਫੈਸਲਾ ਸੀ ਜਨਰਲ ਵਰਗ ਲਈ ਉੱਚ ਸਿੱਖਿਆ ਅਤੇ ਨੌਕਰੀਆਂ ‘ਚ 10 ਫੀਸਦੀ ਰਾਖਵਾਂਕਰਨ। ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ ਯਾਨੀ ਕਿ 8 ਜਨਵਰੀ ਨੂੰ ਲੋਕ ਸਭਾ ‘ਚ ਪਾਸ ਹੋਇਆ। ਰਾਜ ਸਭਾ ‘ਚ ਸੈਸ਼ਨ ਦਾ ਸਮਾਂ ਇਕ ਦਿਨ ਹੋਰ ਵਧਾਇਆ ਗਿਆ, ਇੱਥੇ ਵੀ ਲੰਬੀ ਬਹਿਸ ਮਗਰੋਂ ਬਿੱਲ ਪਾਸ ਹੋ ਗਿਆ। ਮੋਦੀ ਸਰਕਾਰ ਨੇ ਅਚਾਨਕ ਇਸ ਮਾਸਟਰਸਟ੍ਰੋਕ ਨਾਲ ਵਿਰੋਧੀ ਧਿਰ ਨੂੰ ਹੈਰਾਨ ਕਰ ਦਿੱਤਾ। ਖਾਸ ਗੱਲ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਇਸ ਬਿੱਲ ਨੂੰ ਲਿਆ ਕੇ ਵੱਡਾ ਦਾਅ ਖੇਡਿਆ ਹੈ।

Leave a Reply

Your email address will not be published. Required fields are marked *