ਤਕਨੀਕੀ ਖਰਾਬੀ ਕਾਰਨ ਹੱਬਲ ਦਾ ਆਧੁਨਿਕ ਕੈਮਰਾ ਹੋਇਆ ਬੰਦ

ਵਾਸ਼ਿੰਗਟਨ
(ਭਾਸ਼ਾ)— ਨਾਸਾ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਾੜ ਦੀਆਂ ਦੁਰਲੱਭ ਤਸਵੀਰਾਂ ਲੈਣ ਵਿਚ ਸਮਰੱਥ ਹੱਬਲ ਪੁਲਾੜ ਟੈਲੀਸਕੋਪ ਦਾ ਸੰਚਾਲਨ ਰੁੱਕ ਗਿਆ ਹੈ। ਅਮਰੀਕੀ ਪੁਲਾੜ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਟੈਲੀਸਕੋਪ ਦੇ ਸਭ ਤੋਂ ਆਧੁਨਿਕ ਕੈਮਰੇ ‘ਵਾਈਡ ਫੀਲਡ ਕੈਮਰਾ 3’ ਵਿਚ ਖਰਾਬੀ ਆ ਗਈ ਹੈ। ਹਾਲਾਂਕਿ ਇਸ ਦੇ ਤਿੰਨ ਹੋਰ ਉਪਕਰਨ ਠੀਕ ਹਾਲਤ ਵਿਚ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਇਹ ਵਿਗਿਆਨਿਕ ਨਿਰੀਖਣ ਕਰਦਾ ਰਹੇਗਾ ਜਦਕਿ ‘ਵਾਈਡ ਫੀਲਡ ਕੈਮਰਾ 3’ ਦੀ ਅਨਿਯਮਿਤਤਾ ਦਾ ਵੀ ਪਤਾ ਲਗਾ ਲਿਆ ਗਿਆ ਹੈ।
ਪੁਲਾੜ ਵਿਗਿਆਨੀਆਂ ਨੇ ਸਾਲ 2009 ਵਿਚ ‘ਸਰਵਿੰਸਿਗ ਮਸ਼ੀਨ 4’ ਦੌਰਾਨ ਹੱਬਲ ਦੇ ‘ਵਾਈਡ ਫੀਲਡ ਕੈਮਰਾ 3’ ਨੂੰ ਲਗਾਇਆ ਸੀ। ਨਾਸਾ ਨੇ ਦੱਸਿਆ ਕਿ ਕੈਮਰੇ ਵਿਚ ਬੈਕਅੱਪ ਇਲੈਕਟ੍ਰੋਨਿਕਸ ਹਨ, ਜਿਨ੍ਹਾਂ ਨਾਲ ਉਪਕਰਨ ਨੂੰ ਠੀਕ ਕਰਨ ਲਈ ਜ਼ਰੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਹੱਬਲ ਪੁਲਾੜ ਵਿਚ ਸਥਾਪਿਤ ਅਜਿਹਾ ਪਹਿਲਾ ਪ੍ਰਮੁੱਖ ਆਪਟੀਕਲ ਟੈਲੀਸਕੋਪ ਹੈ ਜੋ ਸਾਨੂੰ ਬ੍ਰਹਿਮੰਡ ਦੀਆਂ ਬਿਨਾਂ ਕਿਸੇ ਰੁਕਾਵਟ ਦੇ ਤਸਵੀਰਾਂ ਉਪਲਬਧ ਕਰਵਾਉਂਦਾ ਹੈ। ਸਾਲ 1990 ਵਿਚ ਭੇਜੇ ਗਏ ਦੁਨੀਆ ਦੇ ਪਹਿਲੇ ਪੁਲਾੜ ਟੈਲੀਸਕੋਪ ਤੋਂ ਇਸ ਸਿਧਾਂਤ ਦੀ ਪੁਸ਼ਟੀ ਹੋਈ ਹੈ ਕਿ ਬ੍ਰਹਿਮੰਡ ਦਾ ਵਿਸਥਾਰ ਹੋ ਰਿਹਾ ਹੈ, ਜਿਸ ਨਾਲ ਬਿਗ ਬੈਂਗ ਦੇ ਸਿਧਾਂਤ ਨੂੰ ਭਰੋਸੇਯੋਗਤਾ ਪ੍ਰਾਪਤ ਹੋਈ ਸੀ।

Leave a Reply

Your email address will not be published. Required fields are marked *