‘ਓ ਅ’ ਦੇ ਪੋਸਟਰ ਰਿਲੀਜ਼, ਵੱਖਰੀ ਕੈਮਿਸਟਰੀ ‘ਚ ਦਿਸੇ ਨੀਰੂ ਬਾਜਵਾ ਤੇ ਤਰਸੇਮ ਜੱਸੜ

ਜਲੰਧਰ (ਬਿਊਰੋ) — ਹਾਲ ਹੀ ‘ਚ ਰਿਲੀਜ਼ ਹੋਈਆਂ ਫਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਸਾਲ 2019 ‘ਚ ਪਾਲੀਵੁੱਡ ਹੋਰ ਵੀ ਬਹੁਤ ਵਧੀਆ ਫਿਲਮਾਂ ਲੈ ਕੇ ਆ ਰਿਹਾ ਹੈ, ਜੋ ਵੱਖ-ਵੱਖ ਮੁੱਦਿਆ ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੀ ਸ਼ਾਨ ਨੂੰ ਵਧਾਏਗਾ। ਇਸ ਲਿਸਟ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ ‘ਓ ਅ’ ਦਾ ਨਾਂ ਵੀ ਜੁੜ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ‘ਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਰਹੀ ਹੈ। ਦੱਸ ਦੇਈਏ ਕਿ ਬਹੁਤ ਹੀ ਲੰਮੇ ਸਮੇਂ ਬਾਅਦ ਅਜਿਹੀ ਫਿਲਮ ਦੇਖਣ ਨੂੰ ਮਿਲੇਗੀ, ਜੋ ਸਮਾਜ ਲਈ ਇਕ ਆਇਨੇ ਨਾਲ ਮਨੋਰੰਜਨ ਕਰੇਗੀ। ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਫਿਲਮ ਦੇ ਦੋ ਪੋਸਟਰ ਰਿਲੀਜ਼ ਹੋਏ ਹਨ, ਜਿਨ੍ਹਾਂ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਵੱਖਰੇ-ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਨੀਰੂ ਬਾਜਵਾ ਨੇ ਇਹ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਨੀਰੂ ਬਾਜਵਾ ਵਲੋਂ ਸ਼ੇਅਰ ਕੀਤੇ ਪੋਸਟਰ ‘ਚ ਉਹ ਰਸੋਈ ਘਰ ‘ਚ ਖੁਦ ਪੜ੍ਹਦੀ ਨਜ਼ਰ ਆ ਰਹੀ ਹੈ ਜਦੋਂਕਿ ਤਰਸੇਮ ਜੱਸੜ ਵਲੋਂ ਸ਼ੇਅਰ ਕੀਤੇ ਪੋਸਟਰ ‘ਚ ਉਹ ਬੱਚਿਆਂ ਦੇ ਸਕੂਲ ‘ਚ ਦਿਸ ਰਹੇ ਹਨ।
ਦੱਸਣਯੋਗ ਹੈ ਕਿ ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ ‘ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ‘ਚ ਪੜ੍ਹਾਉਣ ਦੀ ਦੌੜ ‘ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। ‘ਓ ਅ’ ਦੀ ਕਹਾਣੀ ਸਾਡੀ ਜ਼ਿੰਦਗੀ ‘ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ।
ਤਰਸੇਮ ਜੱਸੜ ਨੇ ਫਿਲਮ ਦੇ ਟਰੇਲਰ ਬਾਰੇ ਕਿਹਾ, ”ਇਹ ਇਕ ਬਹੁਤ ਹੀ ਖਾਸ ਪ੍ਰਾਜੈਕਟ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਅਪਣਾਉਣਗੇ ਅਤੇ ਜ਼ਰੂਰ ਪਸੰਦ ਕਰਨਗੇ।” ਨੀਰੂ ਬਾਜਵਾ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਸਾਲ 2018 ਵਾਂਗ 2019 ਵੀ ਪੰਜਾਬੀ ਸਿਨੇਮਾ ਲਈ ਖਾਸ ਰਹੇਗਾ। ਫਿਲਮ ਦੇ ਪ੍ਰੋਡਿਊਸਰ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਕਿਹਾ ਕਿ ਸਾਨੂੰ ਫਿਲਮ ਤੋਂ ਬਹੁਤ ਉਮੀਦ ਹੈ। ਉਮੀਦ ਹੈ ਕਿ ਦਰਸ਼ਕ ਇਸ ਤਰ੍ਹਾਂ ਦੇ ਵਿਸ਼ੇ ਨੂੰ ਪਸੰਦ ਕਰਨਗੇ, ਜਿਸ ਨਾਲ ਸਮਾਜ ਨੂੰ ਸੰਦੇਸ਼ ਮਿਲੇਗਾ।”

Leave a Reply

Your email address will not be published. Required fields are marked *