ਸਹਿਕਾਰੀ ਮਿੱਲਾਂ ਤੋੜਨਗੀਆਂ ਪ੍ਰਾਈਵੇਟ ਅਜ਼ਾਰੇਦਾਰੀ, ਮੰਤਰੀ ਦਾ ਦਾਅਵਾ

ਚੰਡੀਗੜ੍ਹ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਾਈਵੇਟ ਗੰਨਾ ਮਿੱਲਾਂ ਦੀ ਮਨੋਪਲੀ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪੰਜਾਬ ’ਤੇ ਪ੍ਰਾਈਵੇਟ ਗੰਨਾ ਮਿੱਲਾਂ ਦਾ 400 ਕਰੋੜ ਰੁਪਏ ਕਰਜ਼ਾ ਬਕਾਇਆ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨ ਗੰਨਾਂ ਮਿਲਾਂ ਬਾਹਰ ਧਰਨੇ ਦੇ ਰਹੇ ਹਨ। ਕਿਸਾਨਾਂ ਨੇ ਹਾਈਵੇ ਵੀ ਜਾਮ ਕੀਤੇ।

ਰੰਧਾਵਾ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਹਿਕਾਰੀ ਮਿੱਲਾਂ ਦੀ ਸਮਰਥਾ ਵਧਾ ਦਿੱਤੀ ਜਾਵੇਗੀ ਤਾਂ ਕਿ ਪੰਜਾਬ ਦੇ ਕਿਸਾਨ ਆਪਣਾ ਗੰਨਾ ਪ੍ਰਾਈਵੇਟ ਮਿੱਲਾਂ ਵਿੱਚ ਨਹੀਂ ਬਲਕਿ ਸਹਿਕਾਰੀ ਮਿੱਲਾਂ ਨੂੰ ਦੇਣ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨੌਂ ਕੋਆਪਰੇਟਿਵ ਮਿੱਲਾਂ ਹਨ ਤੇ ਇਨ੍ਹਾਂ ਦੀ ਸਮਰਥਾ ਵਧਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੇ ਸਮੇਂ ਵਿੱਚ ਪ੍ਰਾਈਵੇਟ ਮਿੱਲਾਂ ਨਾਲੋਂ ਕੋਆਪਰੇਟਿਵ ਮਿੱਲਾਂ ਵਿੱਚ ਵੱਧ ਗੰਨਾ ਪੀੜਿਆ ਜਾਵੇਗਾ ਤੇ ਕਿਸਾਨਾਂ ਨੂੰ ਵੀ ਸਮੇਂ ਸਿਰ ਗੰਨੇ ਦੀ ਕੀਮਤ ਅਦਾ ਕਰ ਦਿੱਤੀ ਜਾਵੇਗੀ।

ਰੰਧਾਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੈਪਟਨ ਉਨ੍ਹਾਂ ਨੂੰ ਅਥਾਰਿਟੀ ਦੇਣ ਤਾਂ ਉਹ ਇਸ ਮੁੱਦੇ ਦਾ ਪੱਕਾ ਹੱਲ ਕੱਢ ਦੇਣਗੇ। ਰੰਧਾਵਾ ਨੇ ਆਪਣੀ ਹੀ ਸਰਕਾਰ ਪ੍ਰਤੀ ਅਫਸੋਸ ਜਤਾਇਆ ਤੇ ਕਿਸਾਨਾਂ ਦੀ ਹਮਾਇਤ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰ ਦੀ ਚੁੱਪ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਰੰਧਾਵਾ ਨੇ ਰਾਹੁਲ ਗਾਂਧੀ ਦੀ ਫੇਰੀ ਬਾਰੇ ਕਿਹਾ ਕਿ ਮੌਕੇ ’ਤੇ ਰਾਹੁਲ ਗਾਂਧੀ ਨਾਲ ਜੋ ਵੀ ਗੱਲ ਹੋਵੇਗੀ, ਉਹ ਸਮੇਂ ਸਿਰ ਦੱਸੀ ਜਾਵੇਗੀ।

ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬਿਆਨ ’ਤੇ ਰੰਧਾਵਾ ਨੇ ਕਿਹਾ ਕਿ ਬਾਜਵਾ ਸਿਆਣੇ ਲੀਡਰ ਹਨ ਤੇ ਹਾਈਕੋਰਟ ਜਾਣ ਦੀ ਥਾਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ। ਅਕਾਲੀ ਦਲ ਵੱਲੋਂ ਲਾਏ ਗਏ ਧਰਨੇ ਖਿਲਾਫ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਧਰਨੇ ਨੂੰ ਉਹ ਕੁਝ ਨਹੀਂ ਸਮਝਦੇ, ਕਿਉਂਕਿ ਅਕਾਲੀ ਦਲ ਦੇ ਲੀਡਰਾਂ ਨੂੰ ਇਸ ਗੱਲ ਦੀ ਸਮਝ ਨਹੀਂ।

Leave a Reply

Your email address will not be published. Required fields are marked *