ਬਾਬਰੀ ਵਿਵਾਦ : ਜਦੋਂ ਦੋ ਕੌਮਾਂ ਦੇ ਲੋਕਾਂ ਨੇ ਕੀਤੀ ਇਕ-ਦੂਜੇ ਦੀ ਰੱਖਿਆ

ਲਖਨਊ (ਭਾਸ਼ਾ)— ਅਯੁੱਧਿਆ ‘ਚ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹੁਣ ਤੋਂ ਬਾਅਦ ਜਦੋਂ ਪੂਰੇ ਪ੍ਰਦੇਸ਼ ਵਿਚ ਨਫਰਤ ਦੀ ਅੱਗ ਲੱਗੀ ਸੀ ਤਾਂ ਉਸ ਨਾਜ਼ੁਕ ਮੌਕੇ ‘ਤੇ ਕੁਝ ਨੇਕ ਬੰਦੇ ਅਜਿਹੇ ਵੀ ਸਨ, ਜੋ ਅਮਨ-ਸ਼ਾਂਤੀ ਦੇ ਕੰਮ ਵਿਚ ਲੱਗੇ ਸਨ। ਇਹ ਨੇਕ ਬੰਦੇ ਹਾਲਾਤ ਆਮ ਹੋਣ ਤਕ ਲੋਕਾਂ ਦੀ ਮਦਦ ਕਰਦੇ ਰਹੇ। ਮੁਸਲਿਮ ਬਹੁਲ ਇਲਾਕੇ ਪੁਰਾਣੇ ਲਖਨਊ ਵਿਚ ਸ਼ੀਆ ਪਰਸਨਲ ਲਾਅ ਬੋਰਡ ਦੇ ਬੁਲਾਰੇ ਮੌਲਾਨਾ ਯਾਸੂਬ ਅੱਬਾਸ ਰਹਿੰਦੇ ਹਨ। ਉਨ੍ਹਾਂ ਨੇ ਉਸ ਦੌਰਾਨ ਕਈ ਹਿੰਦੂ ਭਰਾਵਾਂ ਦੀ ਰੱਖਿਆ ਕੀਤੀ ਅਤੇ ਉਨ੍ਹਾਂ ਲਈ ਭੋਜਨ-ਪਾਣੀ ਦਾ ਇੰਤਜ਼ਾਮ ਕੀਤਾ। ਇਸ ਤਰ੍ਹਾਂ ਇਸ ਇਲਾਕੇ ਵਿਚ ਭਾਜਪਾ ਨਾਲ ਸਬੰਧ ਰੱਖਣ ਵਾਲੇ ਤਾਰਿਕ ਦੁਰਰਾਨੀ ਦੀ ਰੱਖਿਆ ਹਿੰਦੂ ਵਰਕਰਾਂ ਨੇ ਕੀਤੀ ਅਤੇ ਉਸ ਹਿੰਸਾ ਭਰੇ ਮਾਹੌਲ ਵਿਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ। 

ਕਰੀਬ 25 ਸਾਲ ਪਹਿਲਾਂ ਦੀ ਘਟਨਾ ਨੂੰ ਯਾਦ ਕਰਦੇ ਹੋਏ ਅੱਬਾਸ ਨੇ ਦੱਸਿਆ, ”ਅਸੀਂ ਪੁਰਾਣੇ ਲਖਨਊ ਦੇ ਨਕਖਾਸ ਇਲਾਕੇ ਵਿਚ ਰਹਿੰਦੇ ਹਾਂ। ਜਦੋਂ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਅਤੇ ਇਸ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਚਾਰੋਂ ਪਾਸੇ ਅੱਲ੍ਹਾ ਹੋ ਅਕਬਰ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ।” ਅੱਬਾਸ ਨੇ ਦੱਸਿਆ ਕਿ ਸਾਡੇ ਘਰ ਦਾ ਇਕ ਦਰਵਾਜ਼ਾ ਮੁਸਲਿਮ ਇਲਾਕੇ ਵਿਚ ਖੁੱਲ੍ਹਦਾ ਹੈ, ਜਦਕਿ ਦੂਜਾ ਦਰਵਾਜ਼ਾ ਹਿੰਦੂ ਇਲਾਕੇ ਵਿਚ। ਉੱਥੇ 15 ਤੋਂ 20 ਹਿੰਦੂ ਪਰਿਵਾਰ ਰਹਿੰਦੇ ਸਨ, ਜਿਵੇਂ ਹੀ ਬਾਬਰੀ ਮਸਜਿਦ ਢਾਹੇ ਜਾਣ ਦੀ ਖਬਰ ਫੈਲੀ, ਉਹ ਹਿੰਦੂ ਪਰਿਵਾਰ ਡਰ ਗਏ ਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਪੈਦਾ ਹੋਣ ਲੱਗਾ ਪਰ ਮੇਰੇ ਪਿਤਾ ਜੀ ਦੀ ਦਖਲ-ਅੰਦਾਜ਼ੀ ਕਾਰਨ ਉਨ੍ਹਾਂ ਪਰਿਵਾਰਾਂ ਅਤੇ ਉਸ ਇਲਾਕੇ ਦੇ ਲੋਕਾਂ ਨਾਲ ਕੋਈ ਅਣਹੋਣੀ ਘਟਨਾ ਨਹੀਂ ਹੋਈ। 

ਅੱਬਾਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਹਿੰਦੂ ਪਰਿਵਾਰਾਂ ਲਈ ਖਿਚੜੀ ਬਣਾਈ। ਸਾਰੇ ਪਰਿਵਾਰ ਹਾਲਾਤ ਆਮ ਹੋਣ ਤਕ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਅੱਬਾਸ ਤੋਂ ਜਦੋਂ ਅਯੁੱਧਿਆ ‘ਤੇ ਉਨ੍ਹਾਂ ਦੇ ਵਿਚਾਰ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ, ”ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ, ਅਦਾਲਤ ਦੇ ਫੈਸਲੇ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ।” ਸ਼ਹਿਰ ਦੀ ਪਾਸ਼ ਕਾਲੋਨੀ ਦੇ ਰਹਿਣ ਵਾਲੇ ਤਾਰਿਕ ਮੁਤਾਬਕ ਦਸੰਬਰ 1992 ਵਿਚ ਉਨ੍ਹਾਂ ਦੀ ਕਾਲੋਨੀ ਵਿਚ ਵੀ ਸਥਿਤੀ ਕਾਫੀ ਤਣਾਅਪੂਰਨ ਸੀ। ਮੈਂ 6 ਦਸੰਬਰ ਨੂੰ ਲਖਨਊ ਵਿਚ ਹੀ ਸੀ, ਮੈਂ ਭਾਜਪਾ ਦਫਤਰ ਵਿਚ ਪਾਰਟੀ ਨੇਤਾ ਜੀ. ਡੀ. ਨੈਥਾਨੀ ਨਾਲ ਬੈਠਾ ਸੀ ਤਾਂ ਬਾਬਰੀ ਮਸਜਿਦ ਦੀ ਖਬਰ ਆਈ। ਮੈਂ ਚਿੰਤਾ ‘ਚ ਡੁੱਬ ਗਿਆ, ਕਿਉਂਕਿ ਮਾਹੌਲ ਖਰਾਬ ਹੋ ਰਿਹਾ ਸੀ। ਨੈਥਾਨੀ ਵੀ ਮੇਰੇ ਅਤੇ ਮੇਰੇ ਪਰਿਵਾਰ ਨੂੰ ਲੈ ਕੇ ਚਿੰਤਾ ਵਿਚ ਸਨ, ਕਿਉਂਕਿ ਜਿਸ ਇਲਾਕੇ ਵਿਚ ਮੈਂ ਰਹਿੰਦਾ ਸੀ ਉੱਥੇ ਮੈਂ ਇਕੱਲਾ ਮੁਸਲਿਮ ਸੀ। ਤਾਰਿਕ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਮੇਰੇ ਘਰ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ। ਉਹ ਨੌਜਵਾਨ ਅਗਲੇ 4-5 ਦਿਨਾਂ ਤਕ ਸਥਿਤੀ ਆਮ ਹੋਣ ਤਕ ਮੇਰੇ ਘਰ ਦੀ ਰੱਖਿਆ ਕਰਦੇ ਰਹੇ। ਤਾਰਿਕ ਤੋਂ ਜਦੋਂ ਅਯੁੱਧਿਆ ਮਸਲੇ ਦੇ ਹੱਲ ਬਾਰੇ ਉਨ੍ਹਾਂ ਦੀ ਰਾਇ ਲਈ ਗਈ ਤਾਂ ਉਨ੍ਹਾਂ ਨੇ ਕਿਹਾ, ”ਇੱਥੇ ਮੂਰਤੀ ਸਥਾਪਤ ਹੋ ਗਈ ਹੈ, ਉੱਥੇ ਕੋਈ ਮੁਸਲਿਮ ਨਮਾਜ਼ ਨਹੀਂ ਪੜ੍ਹ ਸਕਦਾ। ਇਸ ਲਈ ਵਿਵਾਦਪੂਰਨ ਥਾਂ ਹਿੰਦੂਆਂ ਨੂੰ ਸੌਂਪ ਦੇਣੀ ਚਾਹੀਦੀ ਹੈ, ਤਾਂ ਕਿ ਉਹ ਉਥੇ ਰਾਮ ਮੰਦਰ ਬਣਾ ਸਕਣ।”

Leave a Reply

Your email address will not be published. Required fields are marked *