5ਜੀ ਆਈਫੋਨ ‘ਚ ਵੀਡੀਓ ਦੇਖਣਾ ਹੋਵੇਗਾ ਮਜ਼ੇਦਾਰ, ਜਾਣੋ ਕਦੋਂ ਹੋਵੇਗਾ ਲਾਂਚ

ਨਵੀਂ ਦਿੱਲੀ— ਸਾਲ 2019 ‘ਚ ਕਈ ਦੇਸ਼ਾਂ ‘ਚ 5ਜੀ ਨੈੱਟਵਰਕ ਲਾਂਚ ਹੋ ਜਾਵੇਗਾ। ਅਮਰੀਕਾ, ਦੱਖਣੀ ਕੋਰੀਆ, ਜਾਪਾਨ, ਚੀਨ ਅਤੇ ਕੁਝ ਯੂਰਪੀ ਦੇਸ਼ 5ਜੀ ਸਰਵਿਸ ਲਈ ਤਿਆਰ ਹਨ। ਭਾਰਤ ‘ਚ ਵੀ ਇਸ ਦੇ ਫੀਲਡ ਟਰਾਇਲ ਸ਼ੁਰੂ ਹੋ ਜਾਣਗੇ ਅਤੇ 2020 ‘ਚ 5ਜੀ ਨੈੱਟਵਰਕ ਸ਼ੁਰੂ ਕਰਨ ਲਈ ਅਗਲੇ ਵਰ੍ਹੇ ਦੇ ਆਖਰੀ ਮਹੀਨਿਆਂ ‘ਚ ਸਪੈਕਟ੍ਰਮ ਨਿਲਾਮੀ ਹੋ ਸਕਦੀ ਹੈ।
ਇਸ ਵਿਚਕਾਰ ਖਬਰਾਂ ਹਨ ਕਿ ਅਮਰੀਕੀ ਕੰਪਨੀ ਐਪਲ ਹਾਈ ਸਪੀਡ 5ਜੀ ਆਈਫੋਨ ਨੂੰ ਲਾਂਚ ਕਰਨ ਲਈ ਘੱਟੋ ਘੱਟ 2020 ਤਕ ਦਾ ਇੰਤਜ਼ਾਰ ਕਰੇਗੀ। 5ਜੀ ਤਕਨਾਲੋਜੀ ਕਾਫੀ ਫਾਸਟ ਹੋਵੇਗੀ, ਜਿਸ ਨਾਲ ਵੀਡੀਓ ਦੇਖਣਾ ਜਾਂ ਡਾਊਨਲੋਡ ਕਰਨਾ ਮਜ਼ੇਦਾਰ ਹੋ ਜਾਵੇਗਾ। ਬਾਜ਼ਾਰ ਮਹਾਰਾਂ ਦਾ ਕਹਿਣਾ ਹੈ ਕਿ ਐਪਲ ਦੀ ਇਸ ਦੇਰੀ ਦਾ ਫਾਇਦਾ ਉਸ ਦੇ ਵਿਰੋਧੀਆਂ ਖਾਸ ਕਰਕੇ ਸੈਮਸੰਗ ਨੂੰ ਮਿਲੇਗਾ, ਜੋ ਕਿ 2019 ‘ਚ 5ਜੀ ਸਮਾਰਟ ਫੋਨ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ।

ਜਾਣਕਾਰੀ ਮੁਤਾਬਕ ਸੈਮਸੰਗ, ਵਨ ਪਲਸ ਵਨ, ਹੁਵਾਈ, ਵੀਵੋ, ਓਪੋ ਅਤੇ ਸ਼ਿਓਮੀ 5ਜੀ ਸਮਾਰਟ ਫੋਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਦਸੰਬਰ 2019 ‘ਚ 5ਜੀ ਸਮਾਰਟ ਫੋਨ ਬਾਜ਼ਾਰ ‘ਚ ਮਿਲਣੇ ਸ਼ੁਰੂ ਹੋ ਜਾਣਗੇ। ਸੈਮਸੰਗ ਅਗਲੇ ਸਾਲ ਆਪਣੇ ਗਲੈਕਸੀ ਰੇਂਜ ‘ਚ 5ਜੀ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸੂਤਰਾਂ ਮੁਤਾਬਕ, 3ਜੀ ਤੇ 4ਜੀ ਦੀ ਤਰ੍ਹਾਂ ਐਪਲ ਇਸ ਵਾਰ ਵੀ ਘੱਟੋ-ਘੱਟੋ ਇਕ ਸਾਲ ਤਕ 5ਜੀ ਨੈੱਟਵਰਕ ਨੂੰ ਦੇਖ-ਪਰਖ ਕੇ 5ਜੀ ਆਈਫੋਨ ਲਾਂਚ ਕਰੇਗਾ। ਉਨ੍ਹਾਂ ਕਿਹਾ ਕਿ ਐਪਲ ਦੀ ਪਿਛਲੀ ਗਣਨਾ ਸਹੀ ਸਾਬਤ ਹੋਈ ਸੀ, ਜਿਸ ‘ਚ ਉਸ ਨੇ ਅੰਦਾਜ਼ਾ ਪ੍ਰਗਟ ਕੀਤਾ ਸੀ ਨਵਾਂ ਨੈੱਟਵਰਕ ਤੇ ਵਿਰੋਧੀਆਂ ਦੇ ਪਹਿਲੇ ਲਾਂਚ ਹੋਣ ਵਾਲੇ ਫੋਨਾਂ ‘ਚ ਨੈੱਟਵਰਕ ਨੂੰ ਲੈ ਕੇ ਕੋਈ ਨਾ ਕੋਈ ਸਮੱਸਿਆ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ 5ਜੀ ਤਕਨਾਲੋਜੀ ਨੂੰ ਲੈ ਕੇ ਐਪਲ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਬਹੁਤ ਵੱਡੀ ਤਕਨਾਲੋਜੀ ਹੈ। ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ 5ਜੀ ‘ਚ ਦੇਰੀ ਦਾ ਕਾਰਨ ਉਸ ਦਾ ਕਵਾਲਕਮ ਨਾਲ ਵਿਵਾਦ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *