ਹਾਕੀ ਵਿਸ਼ਵ ਕੱਪ : ਆਸਟਰੇਲੀਆ ਨੇ ਇੰਗਲੈਂਡ ਨੂੰ 3-0 ਨਾਲ ਹਰਾਇਆ

ਭੁਵਨੇਸ਼ਵਰ- ਪਿਛਲੇ ਜੇਤੂ ਆਸਟਰੇਲੀਆ ਨੇ ਆਖਰੀ ਕੁਆਰਟਰ ‘ਚ 3 ਗੋਲ ਕਰ ਕੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ-ਬੀ ਦੇ ਮੈਚ ‘ਚ ਇੰਗਲੈਂਡ ਨੂੰ 3-0 ਨਾਲ ਹਰਾਇਆ, ਜੋ ਟੂਰਨਾਮੈਂਟ ‘ਚ ਉਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨਾਲ ਆਸਟਰੇਲੀਆ 6 ਅੰਕਾਂ ਨਾਲ ਗਰੁੱਪ-ਬੀ ਦੀ ਲਾਈਨ ‘ਚ ਟਾਪ ‘ਤੇ ਆ ਗਿਆ ਹੈ ਅਤੇ ਉਸ ਦਾ ਕੁਆਰਟਰ ਫਾਈਨਲ ‘ਚ ਪੁੱਜਣਾ ਲਗਭਗ ਪੱਕਾ ਹੋ ਗਿਆ ਹੈ। ਉਸ ਨੇ ਆਪਣੇ ਪਹਿਲੇ ਮੈਚ ‘ਚ ਆਇਰਲੈਂਡ ਨੂੰ 2-1 ਨਾਲ ਹਰਾਇਆ ਸੀ। 
ਇੰਗਲੈਂਡ ਲਈ ਇਹ ਹਾਰ ਚਿੰਤਾਜਨਕ ਹੈ, ਜਿਸ ਨੇ ਆਪਣਾ ਪਹਿਲਾ ਮੁਕਾਬਲਾ ਕਮਜ਼ੋਰ ਮੰਨੇ ਜਾਣ ਵਾਲੇ ਚੀਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਆਸਟਰੇਲੀਆ ਆਪਣਾ ਆਖਰੀ ਲੀਗ ਮੈਚ 7 ਦਸੰਬਰ ਨੂੰ ਚੀਨ ਖਿਲਾਫ ਖੇਡੇਗਾ, ਜਦਕਿ ਇੰਗਲੈਂਡ ਦਾ ਸਾਹਮਣਾ ਇਸ ਦਿਨ ਆਇਰਲੈਂਡ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਕਾਬਜ਼ ਆਸਟਰੇਲੀਆ ਅਤੇ 7ਵੀਂ ਰੈਂਕਿੰਗ ਵਾਲੇ ਇੰਗਲੈਂਡ ‘ਚ ਖੇਡੇ ਗਏ ਮੈਚ ਦਾ ਪਹਿਲਾ ਕੁਆਰਟਰ ਬੇਹੱਦ ਹੀ ਨਿਰਾਸ਼ਾ ਭਰਿਆ ਰਿਹਾ ਕਿਉਂਕਿ ਦੋਵੇਂ ਟੀਮਾਂ ਇਕ-ਦੂਜੇ ਦੇ ਡਿਫੈਂਸ ਨੂੰ  ਨਹੀਂ ਤੋੜ ਸਕੀਆਂ। ਦੂਜੇ ਕੁਆਰਟਰ ‘ਚ ਮੈਚ  ਦੇ 21ਵੇਂ ਮਿੰਟ ‘ਚ ਆਸਟਰੇਲੀਆ  ਕੋਲ ਗੋਲ ਕਰਨ ਦਾ ਸੁਨਹਿਰੀ ਮੌਕਾ ਸੀ ਕਿਉਂਕਿ ਟੀਮ ਨੂੰ ਲਗਾਤਾਰ 2 ਪੈਨਲਟੀ ਕਾਰਨਰ ਮਿਲੇ ਪਰ ਇੰਗਲੈਂਡ  ਦੇ ਗੋਲਕੀਪਰ ਜਾਰਜ ਪਿੰਨੇਰ ਨੇ ਦੋਵਾਂ ਮੌਕਿਆਂ ਨੂੰ ਨਾਕਾਮ ਕਰ ਦਿੱਤਾ। ਆਸਟਰੇਲੀਆ ਤੀਜੇ ਕੁਆਰਟਰ ‘ਚ ਪੈਨਲਟੀ ਕਾਰਨਰ ਹਾਸਲ ਕਰਨ ‘ਚ ਸਫਲ ਰਿਹਾ ਪਰ ਉਸ ਨੂੰ ਗੋਲ ‘ਚ ਨਹੀਂ ਬਦਲ ਸਕਿਆ। ਪਹਿਲੇ 3 ਕੁਆਰਟਰਾਂ ‘ਚ ਗੋਲ ਨਾ ਕਰਨ ਵਾਲੀ ਆਸਟਰੇਲੀਆ ਆਖਰੀ 15 ਮਿੰਟ ‘ਚ ਬਿਲਕੁੱਲ ਵੱਖ ਦਿਸੀ ਅਤੇ ਟੀਮ ਨੇ 4 ਮਿੰਟ  ਦੇ ਅੰਦਰ 2 ਗੋਲ ਕਰ ਕੇ 2-0 ਦਾ ਵਾਧਾ ਹਾਸਲ ਕਰ ਲਿਆ। ਆਖਰੀ ਸੀਟੀ ਵੱਜਣ  ਦੇ 4 ਮਿੰਟ ਪਹਿਲਾਂ ਕੋਰੇ ਵੇਅਰ ਦੇ ਰਿਵਰਸ ਸ਼ਾਟ ਨੂੰ ਪਿੰਨੇਰ ਨਹੀਂ ਰੋਕ ਸਕਿਆ ਅਤੇ ਆਸਟਰੇਲੀਆ ਨੇ 3-0 ਦਾ ਵਾਧਾ ਬਣਾ ਲਿਆ। ਉਥੇ ਦਿਨ ਦੇ ਇਕ ਹੋਰ ਮੈਚ ‘ਚ ਇਸੇ ਗਰੁੱਪ ‘ਚ ਚੀਨ ਨੇ ਆਇਰਲੈਂਡ ਨੂੰ 1-1 ਦੇ ਗੋਲ ਨਾਲ ਡਰਾਅ ਨਾਲ ਰੋਕ ਲਿਆ।

Leave a Reply

Your email address will not be published. Required fields are marked *