ਦੇਸ਼ ਵਿਚ ਨਵੀਆਂ ਰਾਜਨੀਤਕ ਪਾਰਟੀਆਂ ਦਾ ਆਇਆ ਹੜ੍ਹ

 ਜਲੰਧਰ (ਜਸਬੀਰ ਵਾਟਾਂ ਵਾਲੀ) ਮੌਜੂਦਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਵੇਂ ਰਾਜਨੀਤਕ ਦਲਾਂ ਵੱਲੋਂ ਆਪੋ-ਆਪਣੀਆਂ ਪਾਰਟੀਆਂ ਰਜਿਸਟ੍ਰੇਸ਼ਨ ਕਰਵਾਉਣ ਲਈ ਹੋੜ ਲੱਗੀ ਹੋਈ ਹੈ। ਪਾਰਟੀ ਰਜਿਸਟ੍ਰੇਸ਼ਨ ਕਰਵਾਉਣ ਦੀ ਇਹ ਪ੍ਰਕਿਰਿਆ ਏਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਸਾਲ 2004 ਤੋਂ ਬਾਅਦ ਹੁਣ ਤਕ 2138 ਨਵੀਆਂ ਪਾਰਟੀਆਂ ਆਪਣੀ ਰਜਿ. ਕਰਵਾ ਕੇ ਹੋਂਦ ਵਿਚ ਆ ਚੁੱਕੀਆਂ ਹਨ। ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆ ਮੁਤਾਬਕ ਸਾਲ 2004 ਵਿਚ ਰਜਿਸਟਰਡ ਪਾਰਟੀਆਂ ਦੀ ਕੁੱਲ ਗਿਣਤੀ 764 ਸੀ। ਇਹ ਗਿਣਤੀ ਸਾਲ 2009 ਵਿਚ ਵਧ ਕੇ 1060 ਹੋ ਗਈ ਸੀ। ਇਸ ਤੋਂ ਬਾਅਦ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਗਿਣਤੀ 1687 ਤਕ ਪੁੱਜ ਗਈ ਸੀ। ਤਾਜਾ ਜਾਣਕਾਰੀ ਮੁਤਾਬਕ ਹੁਣ ਤੱਕ ਰਜਿ. ਪਾਰਟੀਆਂ ਦੀ ਕੁੱਲ ਗਿਣਤੀ 2353 ਤੱਕ ਪੁੱਜ ਚੁੱਕੀ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ 03/12/2018 ਨੂੰ ਇਕੋ ਦਿਨ ਵਿਚ ਹੀ 14 ਨਵੀਆਂ ਪਾਰਟੀਆਂ ਨੇ ਰਜ਼ਿਸਟ੍ਰੇਸ਼ਨ ਲਈ ਅਪਲਾਈ ਕੀਤਾ। 2014 ਤੋਂ ਬਾਅਦ ਹੁਣ ਤਕ ਅੰਕੜਿਆਂ ਅਨੁਸਾਰ 666 ਨਵੀਆਂ ਰਾਜਨੀਤਕ ਪਾਰਟੀਆਂ ਰਜਿ. ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਵਿਚ ਕਰੀਬ 4 ਮਹੀਨੇ ਬਾਕੀ ਹਨ ਉਦੋਂ ਤੱਕ ਕਿੰਨੀਆਂ ਹੋਰ ਨਵੀਆਂ ਪਾਰਟੀਆਂ ਦੀ ਰਜਿਟ੍ਰੇਸ਼ਨ ਹੋ ਜਾਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 
ਸੱਚਾਈ ਇਹ ਵੀ ਹੈ ਕਿ ਚੋਣਾਂ ਦੌਰਾਨ ਜਿੰਨੀਆਂ ਵੀ ਪਾਰਟੀਆਂ ਰਜਿਟ੍ਰੇਸ਼ਨ ਕਰਵਾਉਂਦੀਆਂ ਹਨ ਉਸ ’ਚੋਂ ਕਰੀਬ ਚੌਥਾ ਹਿੱਸਾ ਪਾਰਟੀਆਂ ਹੀ ਚੋਣ ਲੜਦੀਆਂ ਹਨ। ਇਹ ਅੰਕੜੇ ਇਸ ਪ੍ਰਕਾਰ ਹਨ :   

 ਸਾਲ   ਰਜਿਸਟਰਡ ਪਾਰਟੀਆਂ ਕਿੰਨੀਆਂ ਪਾਰਟੀਆਂ ਨੇ ਲੜੀ ਚੋਣ
 2004    764  215
 2009    1060      363
 2014  1687  464

          

ਪਾਰਟੀ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਆ
ਕੋਈ ਵੀ ਪਾਰਟੀ ਜਦੋਂ ਆਪਣੀ ਨਵੀਂ ਰਜਿਟ੍ਰੇਸ਼ਨ ਕਰਵਾਉਂਦੀ ਹੈ ਤਾਂ ਉਹ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੀਤੇ ਗਏ ਕੁਝ ਨਿਯਮਾਂ ਦੀ ਪਾਲਣਾ ਕਰਦੀ ਹੈ। ਇਨ੍ਹਾਂ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕੀਤੇ ਜਾਣ ਵਾਲੀ ਪਾਰਟੀ ਦੇ ਘੱਟੋ-ਘੱਟ 100 ਮੈਂਬਰ ਹੋਣੇ ਜ਼ਰੂਰੀ ਹੁੰਦੇ ਹਨ। ਇਨ੍ਹਾਂ ਮੈਂਬਰਾਂ ਦਾ ਵੋਟਿੰਗ ਕਾਰਡ ਹੋਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਨਾਲ-ਨਾਲ ਰਜਿ. ਕੀਤੇ ਜਾਣ ਵਾਲੀ ਪਾਰਟੀ ਦਾ ਆਪਣਾ ਇਕ ਸੰਵਿਧਾਨ ਹੋਣਾ ਵੀ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਨਿਯਮ, ਕਾਇਦੇ, ਕਾਨੂੰਨ ਅਤੇ ਪਾਰਟੀ ਗਠਨ ਦੀ ਅੰਦਰੂਨੀ ਪ੍ਰਕਿਰਿਆ ਦਾ ਵੇਰਵਾ ਦੇਣਾ ਵੀ ਜ਼ਰੂਰੀ ਹੁੰਦਾ ਹੈ। 
ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਹੋਣ ਤੋਂ ਬਾਅਦ ਚੋਣ ਕਮਿਸ਼ਨ ਹਿੰਦੀ ਅਤੇ ਅੰਗਰੇਜ਼ੀ ਨੈਸ਼ਨਲ ਅਖਬਾਰਾਂ ਵਿਚ ਇਸ਼ਤਿਹਾਰ ਜਾਰੀ ਕਰਦਾ ਹੈ। ਇਸ ਇਸ਼ਤਿਹਾਰ ਰਾਹੀਂ ਘੋਸ਼ਣਾ ਕੀਤੀ ਜਾਂਦੀ ਹੈ ਕਿ ਇਸ ਨਵੀਂ ਪਾਰਟੀ ਦੀ ਰਜ਼ਿ. ਕੀਤੀ ਜਾ ਰਹੀ ਹੈ, ਜੇਕਰ ਕਿਸੇ ਨੂੰ ਇਤਰਾਜ਼ ਹੋਵੇ ਤਾਂ ਦੱਸ ਸਕਦਾ ਹੈ। ਇਤਰਾਜ਼ ਨਾ ਹੋਣ ਦੀ ਸੂਰਤ ਵਿਚ ਪਾਰਟੀ ਰਜਿਸਟ੍ਰੇਸ਼ਨ ਕਰ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *