ਅੰਮ੍ਰਿਤਸਰ ‘ਚ ਪੁਲਿਸ ਦੀ ਸ਼ਾਮਤ, ਥਾਣੇ ‘ਚ ਲੁੱਕ ਕੇ ਜਾਨ ਬਚਾਈ!

ਅੰਮ੍ਰਿਤਸਰ: ਸ਼ਹਿਰ ਵਿੱਚ ਪੁਲਿਸ ’ਤੇ ਹਮਲੇ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਦਰਅਸਲ ਛੇਹਰਟਾ ਪੁਲਿਸ ਥਾਣੇ ਬਾਹਰ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਥਾਣੇ ਅੰਦਰ ਜਾ ਕੇ ਆਪਣੀ ਜਾਨ ਬਚਾਈ। ਗੌਰਤਲਬ ਹੈ ਕਿ ਦੋ ਦਿਨਾਂ ਵਿੱਚ ਅੰਮ੍ਰਿਤਸਰ ’ਚ ਇਹ ਦੂਸਰੀ ਅਜਿਹੀ ਘਟਨਾ ਹੈ ਜਿਸ ਵਿੱਚ ਪੁਲਿਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਪਿਆ।

ਦਰਅਸਲ ਸ਼ਨੀਵਾਰ ਰਾਤ ਨੂੰ ਗੁਰੂ ਕੀ ਵਡਾਲੀ ਵਿੱਚ ਕੁਝ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ। ਪੁਲਿਸ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤਕਰਤਾ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਹੀ ਪੁੱਛਗਿੱਛ ਦੇ ਬਹਾਨੇ ਥਾਣੇ ਬੁਲਾ ਕੇ ਉਸ ’ਤੇ ਹੀ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਉਸ ਦੀ ਕੁੱਟਮਾਰ ਵੀ ਕੀਤੀ। ਹੁਣ ਪੁਲਸ ਨੇ ਹਿਰਾਸਤ ’ਚ ਲਏ ਸ਼ਿਕਾਇਤਕਰਤਾ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੂਰਾ ਮਾਮਲਾ

ਗੌਰਤਲਬ ਹੈ ਕਿ ਪਿਛਲੇ 10 ਦਿਨਾਂ ਅੰਦਰ ਛੇਹਰਟਾ ਇਲਾਕੇ ਵਿੱਚ ਗੋਲੀ ਚਲਾਉਣ ਦੀ ਇਹ ਚੌਥੀ ਵਾਰਦਾਤ ਹੈ ਪਰ ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਪੁਲਿਸ ਨੇ ਜਲਦਬਾਜ਼ੀ ’ਚ ਨੌਜਵਾਨ ਨੂੰ ਫੜ ਕੇ ਉਸ ’ਤੇ ਕੇਸ ਦਰਜ ਕਰ ਦਿੱਤਾ ਜਿਸ ’ਤੇ ਇਲਾਕਾ ਨਿਵਾਸੀ ਭੜਕ ਗਏ ਅਤੇ ਠਾਣੇ ’ਤੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦਰਵਾਜੇ ਦੀ ਭੰਨਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ।

ਇਸ ਸਬੰਧੀ ਪੁਲਿਸ ਨੇ ਕਿਹਾ ਹੈ ਕਿ ਸ਼ਨੀਵਾਰ ਦੀ ਰਾਤ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਤੇ ਝਗੜੇ ਦੌਰਾਨ ਗੋਲੀ ਵੀ ਚੱਲੀ ਸੀ। ਦੇਵੋਂ ਧਿਰਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਇੱਕ-ਦੂਸਰੇ ’ਤੇ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਸਨ। ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਲਈ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਪੁਲਿਸ ਨੇ ਲੋਕਾਂ ਨੂੰ ਜਾਂਚ ਕਰਕੇ ਨਿਰਪੱਖ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *