ਅਮਰੀਕਾ ਨੇ ਦਿੱਤਾ ਜ਼ੋਰ ਦਾ ਝਟਕਾ, ਹੁਣ ਕਿਸਮਤ ਨਾਲ ਹੀ ਮਿਲੇਗਾ ਵੀਜ਼ਾ!

ਨਵੀਂ ਦਿੱਲੀ— ਅਮਰੀਕਾ ‘ਚ ਆਈ. ਟੀ. ਖੇਤਰ ਦੀ ਕੰਪਨੀ ‘ਚ ਨੌਕਰੀ ਕਰਨ ਦਾ ਸੁਪਨਾ ਹੁਣ ਕਿਸਮਤ ਨਾਲ ਹੀ ਪੂਰਾ ਹੋਵੇਗਾ। ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਦੇ ਨਵੇਂ ਨਿਯਮਾਂ ਨੇ ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ (ਆਈ. ਟੀ.) ਇੰਡਸਟਰੀ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਵੀਜ਼ਾ ‘ਤੇ ਅਮਰੀਕਾ ਨੇ ਇਸ ਸਾਲ ਨਾ ਸਿਰਫ ਗਿਣਤੀ ‘ਚ ਕਟੌਤੀ ਕੀਤੀ ਹੈ ਸਗੋਂ ਨਿਯਮਾਂ ਨੂੰ ਵੀ ਸਖਤ ਕਰ ਦਿੱਤਾ ਹੈ। ਇਮੀਗ੍ਰੇਸ਼ਨ ਨੀਤੀ ‘ਚ ਬਦਲਾਅ ਕਾਰਨ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰਨ ਵਾਲੇ ਪੰਜ ਲੱਖ ਭਾਰਤੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾਂ ‘ਚ ਘਿਰ ਗਏ ਹਨ।
ਭਾਰਤੀ ਆਈ. ਟੀ. ਇੰਡਸਟਰੀ ਦੇ ਸੰਗਠਨ ਨੈਸਕਾਮ ਮੁਤਾਬਕ, ਨਵੇਂ ਵੀਜ਼ਾ ਨਿਯਮਾਂ ਨਾਲ ਨਾ ਸਿਰਫ ਭਾਰਤੀ ਹੁਨਰਮੰਦਾਂ ਨੂੰ ਨੁਕਸਾਨ ਹੋਵੇਗਾ ਸਗੋਂ ਅਮਰੀਕੀ ਆਈ. ਟੀ. ਕੰਪਨੀਆਂ ਵੀ ਪ੍ਰਭਾਵਿਤ ਹੋਣਗੀਆਂ। ਭਾਰਤੀ ਆਈ. ਟੀ. ਕੰਪਨੀਆਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਜਿਨ੍ਹਾਂ ‘ਚ ਬਹੁਤ ਸਾਰੇ ਲੋਕ ਐੱਚ-1ਵੀਜ਼ਾ ‘ਤੇ ਕੰਮ ਕਰਨ ਲਈ ਸੱਦੇ ਜਾਂਦੇ ਹਨ। ਸੰਗਠਨ ਮੁਤਾਬਕ, ਵੀਜ਼ਾ ਗਿਣਤੀ ਘਟਣ ਨਾਲ ਕੰਪਨੀਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੈਸਕਾਮ ਨੇ ਕਿਹਾ ਕਿ ਫਿਲਹਾਲ ਉਹ ਵੀਜ਼ਾ ਨਿਯਮਾਂ ‘ਤੇ ਅਧਿਐਨ ਕਰ ਰਿਹਾ ਹੈ ਤੇ ਇਸ ਦੇ ਬਾਅਦ ਮਾਮਲੇ ‘ਤੇ ਸਪੱਸ਼ਟ ਪੱਖ ਰੱਖੇਗਾ।
 

20 ਹਜ਼ਾਰ ਘੱਟ ਮਿਲਣਗੇ ਵੀਜ਼ਾ, ਲਾਟਰੀ ‘ਚੋਂ ਨਿਕਲੇਗੀ ਕਿਸਮਤ :

PunjabKesari
ਅਮਰੀਕਾ ਦੇ ਐੱਚ-1ਬੀ ਵੀਜ਼ਾ ‘ਤੇ ਨਵੇਂ ਨਿਯਮਾਂ ਦੇ ਮੱਦੇਨਜ਼ਰ ਅਗਲੇ ਸਾਲ ਸਿਰਫ 65 ਹਜ਼ਾਰ ਵੀਜ਼ਾ ਹੀ ਮਿਲਣਗੇ, ਜਿਨ੍ਹਾਂ ਦੀ ਗਿਣਤੀ ਪਹਿਲਾਂ 85 ਹਜ਼ਾਰ ਹੁੰਦੀ ਸੀ। ਅਜਿਹੇ ‘ਚ ਆਈ. ਟੀ. ਪੇਸ਼ੇਵਰਾਂ ਲਈ ਵੀਜ਼ਾ ਲੈਣ ‘ਚ ਕੰਪਨੀਆਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਵੀਜ਼ਾ ਲੈਣਾ ਵੀ ਮਹਿੰਗਾ ਹੋਵੇਗਾ। ਨਵੇਂ ਨਿਯਮਾਂ ‘ਚ ਅਮਰੀਕਾ ਦੇ ਡਿਗਰੀ ਧਾਰਕਾਂ ਨੂੰ ਪਹਿਲ ਦੇਣਾ ਤੈਅ ਕੀਤਾ ਗਿਆ ਹੈ। ਵੀਜ਼ਾ ਨਿਯਮਾਂ ਤਹਿਤ ਅਪ੍ਰੈਲ 2019 ਤੋਂ ਐੱਚ-1ਬੀ ਵੀਜ਼ਾ ਮੁਹੱਈਆ ਕਰਾਉਣ ਦੀ ਪ੍ਰਕਿਰਿਆ ਲਾਟਰੀ ਜ਼ਰੀਏ ਹੋਵੇਗੀ। ਅਜਿਹੇ ‘ਚ ਭਾਰਤੀ ਪੇਸ਼ੇਵਰਾਂ ਲਈ ਵੀਜ਼ਾ ਮਿਲਣਾ ਕਿਸਮਤ ਦੀ ਖੇਡ ਹੋਵੇਗੀ। 
ਉੱਥੇ ਹੀ ਵੱਡੀ ਗੱਲ ਇਹ ਵੀ ਹੈ ਕਿ ਅਮਰੀਕਾ ਭਾਰੀ ਗਿਣਤੀ ‘ਚ ਵੀਜ਼ਾ ਰੱਦ ਵੀ ਕਰ ਰਿਹਾ ਹੈ। ਮੌਜੂਦਾ ਸਮੇਂ ਵੀਜ਼ਾ ਨਾ-ਮਨਜ਼ੂਰ ਕਰਨ ਦੀ ਦਰ 65 ਫੀਸਦੀ ਤਕ ਵਧੀ ਹੈ। ਟਰੰਪ ਸਰਕਾਰ ਦਾ ਕਹਿਣਾ ਹੈ ਆਈ. ਟੀ. ਕੰਪਨੀਆਂ ਨੂੰ ਨੌਕਰੀ ਲਈ ਅਮਰੀਕੀ ਡਿਗਰੀ ਵਾਲਿਆਂ ਨੂੰ ਪਹਿਲ ਦੇਣੀ ਹੋਵੇਗੀ। ਇਹ ਵੀਜ਼ਾ ਸਿਰਫ ਉਨ੍ਹਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਜੋ ਬਹੁਤ ਜ਼ਿਆਦਾ ਹੁਨਰਮੰਦ ਹਨ। ਹਾਲਾਂਕਿ ਟਰੰਪ ਸਰਕਾਰ ਦੇ ਇਸ ਫੈਸਲੇ ਖਿਲਾਫ ਕਈ ਕੰਪਨੀਆਂ ਨੇ ਝੰਡਾ ਵੀ ਬਲੁੰਦ ਕੀਤਾ ਹੈ। ਤਕਰੀਬਨ 59 ਕੰਪਨੀਆਂ ਦੇ ਸੀ. ਈ. ਓ. ਨੇ ਟਰੰਪ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ ਦੇ ਨਿਯਮ ਸਖਤ ਹੋਣ ਨਾਲ ਅਮਰੀਕਾ ਦੀ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ।
 

PunjabKesari
ਅਮਰੀਕਾ ‘ਚ ਐੱਚ-1ਬੀ ਵੀਜ਼ਾ ਵਿਦੇਸ਼ੀ ਆਈ. ਟੀ. ਪੇਸ਼ੇਵਰਾਂ ਨੂੰ ਆਰਜ਼ੀ ਤੌਰ ‘ਤੇ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।ਹਰ ਸਾਲ ਇਸ ਸ਼੍ਰੇਣੀ ਦੇ ਸੀਮਤ ਵੀਜ਼ੇ ਹੀ ਜਾਰੀ ਕੀਤੇ ਜਾਂਦੇ ਹਨ ਪਰ ਜੋ ਵੀਜ਼ੇ ਹੁਣ ਤਕ ਜਾਰੀ ਹੁੰਦੇ ਆਏ ਹਨ ਉਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੀ ਰਹੀ ਹੈ। ਕਾਰਪੋਰੇਟ ਜਾਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਦਾਇਰ ਕਰਦੀਆਂ ਹਨ।ਕੁਝ ਕੰਪਨੀਆਂ ਇਹ ਵੀਜ਼ਾ ਸਪਾਂਸਰ ਵੀ ਕਰਦੀਆਂ ਹਨ।ਐੱਚ-1ਬੀ ਵੀਜ਼ਾ ਇਸ ਦੇ ਜਾਰੀ ਹੋਣ ਦੇ ਸਮੇਂ ਤੋਂ 3 ਸਾਲਾਂ ਤਕ ਲਈ ਹੁੰਦਾ ਹੈ।ਹਾਲਾਂਕਿ ਬਾਅਦ ‘ਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।

Leave a Reply

Your email address will not be published. Required fields are marked *