ਅਮਰੀਕਨ ‘ਡਾਇਵਰਸਿਟੀ ਗਰੁੱਪ’ ਨੇ ਮਨਾਇਆ ਸਾਲਾਨਾ ਸਮਾਗਮ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਅਮਰੀਕਨ ਡਾਇਵਰਸਿਟੀ ਗਰੁੱਪ ਇਕ ਹੈਲਥ ਕਲੀਨਿਕ ਕੈਂਪ, ਸੈਮੀਨਾਰ, ਵਿਦਿਆਰਥੀ ਜਾਗਰੂਕਤਾ ਅਤੇ ਔਰਤਾਂ ਦੀਆਂ ਮੁਸ਼ਕਲਾਂ ਅਤੇ ਵਿਕਾਸ ਸਬੰਧੀ 2003 ਤੋਂ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਨੂੰ ਸਾਂਝਾ ਕਰਨ ਲਈ ਇੱਕ ਵਿਸ਼ਾਲ ਸਮਾਗਮ ਵਾਸ਼ਿੰਗਟਨ ਡੀ. ਸੀ. ਦੇ ਸਕੂਲ ਹਾਲ ਵਿੱਚ ਕੀਤਾ ਗਿਆ ਹੈ। ਇਸ ਵਿੱਚ ਭਾਰੀ ਇਕੱਠ ਦੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ।

ਇਸ ਸਾਲ 6 ਹਜ਼ਾਰ ਤੋਂ ਉੱਪਰ ਮਰੀਜ਼ਾਂ ਦਾ ਚੈੱਕ-ਅੱਪ ਕੀਤਾ ਗਿਆ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ। ਇਸ ਸਾਲ ਕੁਲ 28 ਕੈਂਪ ਲਗਾਏ ਗਏ, ਜੋ ਕਾਮਯਾਬ ਰਹੇ। ਜਿਨ੍ਹਾਂ ਡਾਕਟਰਾਂ ਤੇ ਨਰਸਾਂ ਨੇ ਇਨ੍ਹਾਂ ਕੈਂਪਾਂ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ, ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਸਥਾ ਤੇ ਗਵਰਨਰ ਦਫਤਰ ਵਲੋਂ ਸਨਮਾਨਤ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਡਾ. ਅਰੁਣ ਭੰਡਾਰੀ, ਡਾ. ਸੁਰੇਸ਼ ਪਟੇਲ, ਡਾ. ਕਿਰਨ ਪਾਰਿਖ ਨੂੰ ਸਪੈਸ਼ਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਲ ਲਾਈਫ ਟਾਈਮ ਅਵਾਰਡ ਡਾ. ਵਿਨੋਦ ਸ਼ਾਹ ਦੀ ਝੋਲੀ ਪਿਆ, ਜਿਨ੍ਹਾਂ ਨੇ ਜ਼ਿੰਦਗੀ ਲੋਕਹਿੱਤਾਂ ਦੇ ਲੇਖੇ ਲਗਾ ਦਿੱਤੀ ਹੈ। ਡਾ. ਅਰੁਣ ਭੰਡਾਰੀ ਜੋ ਗਵਰਨਰ ਮੈਰੀਲੈਂਡ ਦੇ ਡਾਕਟਰ ਹਨ। ਉਨ੍ਹਾਂ ਨੂੰ ਚੰਗੇ ਕੰਮ ਅਤੇ ਸੇਵਾ ਨੂੰ ਸਮਰਪਿਤ ਕਾਰਜਾਂ ਕਰਕੇ ਨਿਵਾਜਿਆ ਗਿਆ ਹੈ।

ਕੈਮਰਨ ਅਤੇ ਫਿਲਪੀਨ ਨਰਸ ਗਰੁੱਪਾਂ ਨੂੰ ਗਵਰਨਰ ਵਲੋਂ ਭੇਜੇ ਸਾਈਟੇਸ਼ਨ ਸਟੀਵ ਮਕੈਡਿਮ ਡਾਇਰੈਕਟਰ ਕਮਿਊਨਟੀ ਅਫੇਅਰ ਨੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਇਹ ਸੰਸਥਾ ਹੈਲਥ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀ ਹੈ। ਡਾ. ਜੇ ਪਾਰਿਖ ਤੇ ਮਿਊਰ ਮੋਦੀ ਦੀਆਂ ਕਾਰਗੁਜ਼ਾਰੀਆਂ ਨੂੰ ਸਲਾਹਿਆ ਗਿਆ। ਸਮਾਗਮ ਦੇ ਅੰਤ ‘ਚ ਰਾਤਰੀ ਭੋਜ ਦੇ ਨਾਲ-ਨਾਲ ਖੂਬ ਨਾਚ ਹੋਇਆ। ਅੰਜਨਾ ਬਰੋਡਈ, ਵੰਧਨਾ ਭੰਡਾਰੀ ਤੇ ਕਾਰਤਿਕ ਦੇਸਾਈ ਨੇ ਵੀ ਇਸ ਸਮਾਗਮ ਵਿੱਚ ਆਪਣਾ ਯੋਗਦਾਨ ਪਾਇਆ । ਸਮੁੱਚਾ ਸਮਾਗਮ ਵੱਖਰੀ ਛਾਪ ਛੱਡ ਗਿਆ।

Leave a Reply

Your email address will not be published. Required fields are marked *