ਘਰੇਲੂ ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਧੜੱਲੇ ਨਾਲ ਜਾਰੀ
ਨਾਭਾ (ਭੁਪਿੰਦਰ ਭੂਪਾ) : ਕੁਦਰਤੀ ਸੋਮਿਆ ਦੀ ਘੱਟ ਰਹੀ ਤਾਦਾਦ ਕਾਰਨ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਐੱਲ.ਪੀ.ਜੀ. ਗੈਸ ਦੀ ਸਬਸਿਡੀ ਛੱਡਣ ਲਈ ਭਾਰਤ ਵਾਸੀਆ ਨੂੰ ਜਾਗਰੂਕ ਕਰਦੀ ਆ ਰਹੀ ਹੈ। ਦੂਜੇ ਪਾਸੇ ਰਿਆਸਤੀ ਤੇ ਰਿਜ਼ਰਵ ਹਲਕਾ ਨਾਭਾ ਵਿਖੇ ਘਰੇਲੂ ਗੈਸ ਸਲੰਡਰਾ ਦੀ ਧੜੱਲੇ ਨਾਲ ਕਾਲਾਬਾਜ਼ਾਰੀ ਸਿਖਰਾ ‘ਤੇ ਹੈ। ਇਸ ਸਾਰੇ ਕਾਰਨਾਮੇ ‘ਚ ਫੂਡ ਸਪਲਾਈ ਵਿਭਾਗ ਸ਼ਿਕਾਇਤਾ ਦੀ ਆਸ ‘ਚ ਕੁੰਭਕਰਨੀ ਨੀਂਦ ‘ਚ ਸੁੱਤਾ ਪਿਆ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆ ‘ਚ ਕਰੀਬ 1000 ਤੋਂ ਉੱਪਰ ਢਾਬੇ, ਹੋਟਲ, ਖਾਣ-ਪੀਣ ਵਾਲਾ ਸਾਮਾਨ ਬਣਾਉਣ ਵਾਲੀਆ ਰੇਹੜੀਆ, ਸ਼ਰਾਬ ਦੇ ਅਹਾਤੇ ਅਤੇ ਮਠਿਆਈ ਦੀਆਂ ਦੁਕਾਨਾ ਹਨ। ਇਨ੍ਹਾਂ ਚ ਸ਼ਰੇਆਮ ਘਰੇਲੂ ਗੈਸ ਦਾ ਉਪਯੋਗ ਵਪਾਰਕ ਤੌਰ ‘ਤੇ ਹੋ ਰਿਹਾ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਤੇ ਸਾਹਮਣੇ ਆਇਆ ਕਿ ਜਿੱਥੇ ਘਰੇਲੂ ਗੈਸ ਦੀ ਵਰਤੋਂ ਲਈ 20 ਤੋਂ 22 ਦਿਨਾਂ ਬਾਅਦ ਸਿਲੰਡਰਾ ਦੀ ਬੁਕਿੰਗ ਕੀਤਾ ਜਾਂਦੀ ਹੈ, ਉੱਥੇ ਵਪਾਰਕ ਅਦਾਰਿਆ ਨੂੰ ਇਹ ਆਸਾਨੀ ਨਾਲ ਮਿਲ ਜਾਂਦੇ ਹਨ। ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਪੁਸ਼ਟੀ ਕਰਦਿਆ ਇੱਕ ਵੱਡੇ ਹੋਟਲ ਦੇ ਮਾਲਕ ਨੇ ਦੱਸਿਆ ਕਿ ਇਹ ਸਾਰਾ ਗੋਰਖ ਧੰਦਾ ਫੂਡ ਸਪਲਾਈ ਵਿਭਾਗ ਦੀ ਮਿਲੀ-ਭੁਗਤ ਨਾਲ ਚੱਲ ਰਿਹਾ ਹੈ।