ਖੁਫੀਆ ਏਜੰਸੀਆਂ ਵਲੋਂ ਵਿਦੇਸ਼ੀ ਸਿੱਖਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ

ਚੰਡੀਗੜ੍ਹ : ਪੰਜਾਬ ਅਤੇ ਕੇਂਦਰ ਦੀਆ ਖੁਫੀਆ ਏਜੰਸੀਆਂ ਵਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਆਈ ਸਿੱਖ ਸੰਗਤ ਦੀਆਂ ਗਤੀਵਿਧੀਆਂ ਨੂੰ ਗਹੁ ਨਾਲ ਦੇਖਿਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 549ਵੇਂ ਗੁਰਪੁਰਬ ਨੂੰ ਮਨਾਉਣ ਲਈ ਇਸ ਵਾਰੀ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਯੂਰਪੀ ਮੁਲਕਾਂ ਤੋਂ ਸਿੱਖ ਸੰਗਤ ਨੇ ਭਰਵੀਂ ਹਾਜ਼ਰੀ ਲਵਾਈ ਹੈ।  ਇਸ ਵਾਰੀ 1200 ਦੇ ਕਰੀਬ ਵਿਦੇਸ਼ੀ ਸਿੱਖ ਪਾਕਿਸਤਾਨ ਆਏ ਹਨ ਤੇ ਇਨ੍ਹਾਂ ‘ਚ ਵੱਡੀ ਗਿਣਤੀ ਉਨ੍ਹਾਂ ਸਿੱਖਾਂ ਦੀ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਕਾਰਨ ਆਪਣੀ ਜਨਮ ਭੂਮੀ ਭਾਰਤ ਨਹੀਂ ਆ ਸਕਦੇ। ਇਸ ਤੋਂ ਪਹਿਲਾਂ ਵਿਦੇਸ਼ਾਂ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਜਾਂ ਗੁਰਪੁਰਬ ਮਨਾਉਣ ਲਈ 200 ਤੋਂ 300 ਦੇ ਕਰੀਬ ਸ਼ਰਧਾਲੂ ਆਉਂਦੇ ਸਨ। ਸਿੱਖ ਸੰਗਤ ਦੇ ਵੱਡੀ ਗਿਣਤੀ ‘ਚ ਪਾਕਿਸਤਾਨ ਆਉਣ ਨੂੰ ਖੁਫੀਆ ਏਜੰਸੀਆਂ ਵਲੋਂ ‘ਸਿੱਖਜ਼ ਫਾਰ ਜਸਟਿਸ’ ਦੀ ‘ਰੈਫਰੰਡਮ-2020’ ਮੁਹਿੰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪੰਜਾਬ ਤੋਂ ਵੀ ਸਿੱਖ ਸੰਗਤ ਦਾ ਜੱਥਾ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਹੈ। ਪੰਜਾਬ ਸਰਕਾਰ ਦੀਆਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਵਲੋਂ ਪਾਕਿਸਤਾਨ ਵਿਚਲੀਆਂ ਗਤੀਵਿਧੀਆਂ ਦੀ ਆਪਣੇ ਸਰੋਤਾਂ ਤੋਂ ਲਗਾਤਾਰ ਸੂਚਨਾ ਇਕੱਤਰ ਕੀਤੀ ਜਾ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ, ਅਮਰੀਕਾ ਅਤੇ ਯੂਰਪ ਵਿਚਲੇ ਵੱਡੀ ਗਿਣਤੀ ਸਿੱਖਾਂ ਦੇ ਨਾਂਅ ਭਾਰਤ ਸਰਕਾਰ ਨੇ ਕਾਲੀਆਂ ਸੂਚੀਆਂ ‘ਚ ਸ਼ਾਮਲ ਕੀਤੇ ਹੋਏ ਹਨ। ਇਹ ਸਿੱਖ ਆਗੂ ਭਾਰਤ ਨਹੀਂ ਆ ਸਕਦੇ। ਇਸੇ ਤਰ੍ਹਾਂ ਪੰਜਾਬ ਪੁਲਸ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਵਲੋਂ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਸਿੱਖਾਂ ‘ਤੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਜਾਂਦੇ ਹਨ। ਖੁਫੀਆ ਏਜੰਸੀਆਂ ਨਾਲ ਹੀ ਜੁੜੇ ਕੁਝ ਸੀਨੀਅਰ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ‘ਚ ਅੱਤਵਾਦ ਦੇ ਸਮੇਂ ਦੌਰਾਨ ਸਿੱਖਾਂ ਨੂੰ ਮਿਲੇ ਜ਼ਖਮਾਂ ‘ਤੇ ਮੱਲ੍ਹਮ ਨਾ ਲੱਗਣ ਕਾਰਨ ਅਤੇ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਵਲੋਂ ਸਿੱਖਾਂ ਤੇ ਬੇਰੋਜ਼ਗਾਰ ਨੌਜਵਾਨਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਾ ਹੋਣ ਕਾਰਨ ਨੌਜਵਾਨਾਂ ‘ਚ ਸਰਕਾਰ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ।

Leave a Reply

Your email address will not be published. Required fields are marked *