ਛੱਤੀਸਗੜ੍ਹ ਚੋਣਾਂ 2018 : ਪਹਿਲੇ ਪੜਾਅ ‘ਚ 70 ਫੀਸਦੀ ਹੋਈ ਵੋਟਿੰਗ

ਰਾਏਪੁਰ (ਬਿਊਰੋ)- ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ੁਰੂਆਤੀ ਜਾਣਕਾਰੀ ਮੁਤਾਬਕ 70 ਫੀਸਦੀ ਵੋਟਿੰਗ ਹੋਈ ਹੈ। ਕੇਂਦਰੀ ਚੋਣ ਕਮਿਸ਼ਨ ਦੇ ਉਪ ਕਮਿਸ਼ਨਰ ਉਮੇਸ਼ ਸਿਨ੍ਹਾ ਨੇ ਦਿੱਲੀ ਵਿਚ ਇਹ ਜਾਣਕਾਰੀ ਦਿੱਤੀ। ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਵਿਧਾਨਸਭਾ ਦੇ ਪਹਿਲੇ ਪੜਾਅ ਦੀਆਂ 10 ਸੀਟਾਂ ‘ਤੇ ਵੋਟਿੰਗ ਦੁਪਹਿਰ ਤਿੰਨ ਵਜੇ ਤੱਕ ਹੋਈ, ਉਥੇ ਹੀ ਬਾਕੀ 8 ਸੀਟਾਂ ‘ਤੇ ਪੰਜ ਵਜੇ ਤੱਕ ਦਾ ਸਮਾਂ ਸੀ। ਹਾਲਾਂਕਿ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਕਾਰਨ ਤੈਅ ਸਮੇਂ ਤੋਂ ਬਾਅਦ ਵੀ ਵੋਟਾਂ ਪੈਂਦੀਆਂ ਰਹੀਆਂ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਵੋਟਿੰਗ ਲਈ ਸੁਰੱਖਿਆ ਫੋਰਸਾਂ ਦੇ ਨਾਲ ਮੀਡੀਆ ਦਾ ਵੀ ਧੰਨਵਾਦ ਕੀਤਾ। ਕਮਿਸ਼ਨ ਮੁਤਾਬਕ ਵੋਟਿੰਗ ਲਈ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿਚ 18 ਸੀਟਾਂ ‘ਤੇ ਵੋਟਾਂ ਪਈਆਂ। ਇਨ੍ਹਾਂ ਵਿਚ 12 ਸੀਟਾਂ ਕੋਰ ਨਕਸਲ ਪ੍ਰਭਾਵਿਤ ਬਸਤਰ ਸੰਭਾਗ ਵਿਚ ਪਈਆਂ, ਜਦੋਂ ਕਿ ਅੱਧਾ ਦਰਜਨ ਸੀਟਾਂ ਆਂਸ਼ਿਕ ਨਕਸਲ ਪ੍ਰਭਾਵਿਤ ਰਾਜਨਾਂਦਗਾਂਓ ਵਿਚ ਪਈਆਂ। ਸਾਰੀਆਂ 18 ਸੀਟਾਂ ‘ਤੇ 3 ਵਜੇ ਤੱਕ ਔਸਤਨ 65 ਫੀਸਦੀ ਵੋਟਿੰਗ ਹੋਈ ਸੀ। ਨਾਰਾਇਣਪੁਰ ਵਿਚ 63 ਫੀਸਦੀ, ਜਗਦਲਪੁਰ ਵਿਚ 48 ਫੀਸਦੀ, ਚਿੱਤਰਕੋਟ ਵਿਚ 54 ਫੀਸਦੀ, ਬਸਤਰ ਵਿਚ 54 ਫੀਸਦੀ, ਖੁੱਜੀ ਵਿਚ 43 ਫੀਸਦੀ, ਰਾਜਨਾਂਦਗਾਓਂ 45 ਫੀਸਦੀ, ਡੋਂਗਰਗੜ੍ਹ ਵਿਚ 41 ਫੀਸਦੀ, ਡੋਂਗਰਗਾਓਂ ਵਿਚ 40 ਫੀਸਦੀ, ਖੈਰਾਗੜ੍ਹ ਵਿਚ 45.5 ਫੀਸਦੀ, ਦੰਤੇਵਾਡ਼ਾ ਵਿਚ 43.40 ਫੀਸਦੀ ਅਤੇ ਅੰਤਗਾੜ੍ਹ ਵਿਚ 32 ਫੀਸਦੀ ਵੋਟਿੰਗ ਦਰਜ ਕੀਤੀ ਗਈ।

Leave a Reply

Your email address will not be published. Required fields are marked *